ਸ੍ਰੀ ਮੁਕਤਸਰ ਸਾਹਿਬ, 23 ਜੁਲਾਈ (ਰਣਜੀਤ ਸਿੰਘ ਢਿੱਲੋਂ)-ਅੱਜ ਨੌਜਵਾਨ ਭਾਰਤ ਸਭਾ ਦਾ ਵਫ਼ਦ ਐਸ.ਐਸ.ਪੀ. ਅਭਿਮਨਯੂ ਰਾਣਾ ਨੂੰ ਮਿਲਿਆ ਅਤੇ ਹਰੀਕੇ ਕਲਾਂ ਦੇ ਚਿੱਟੇ ਨਸ਼ੇ ਕਰਕੇ ਮਾਰੇ ਗਏ ਮਨਪ੍ਰੀਤ ਸਿੰਘ ਦੇ ਕੇਸ ਵਿਚ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਦੋਸ਼ੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਰੱਖੀ। ਐਸ.ਐਸ.ਪੀ. ਵਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਹਰਜਿੰਦਰ ਖੋਖਰ, ਜ਼ਿਲ੍ਹਾ ਮੀਤ ਪ੍ਰਧਾਨ ਮਹਾਸ਼ਾ ਸਮਾਘ ਨੇ ਕਿਹਾ ਕਿ ਹਰੀਕੇ ਕਲਾਂ ਦੇ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਨਸ਼ਾ ਤਸਕਰ ਦੇ ਘਰ ਵਿਚ ਹੀ ਹੋ ਗਈ ਸੀ, ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿਚ ਤਸਕਰਾਂ ਦੇ ਘਰ ਵਿਚ ਲਾਸ਼ ਰੱਖ ਕੇ ਧਰਨਾ ਚੱਲਦਾ ਰਿਹਾ, ਜਿਸ ਕਰਕੇ ਬਰੀਵਾਲਾ ਪੁਲਿਸ ਨੂੰ ਦੋਸ਼ੀਆਂ ’ਤੇ ਪਰਚਾ ਦਰਜ ਕਰਨਾ ਪਿਆ। ਪ੍ਰੰਤੂ 2 ਮਹੀਨੇ ਬੀਤ ਜਾਣ ਦੇ ਬਾਵਜੂਦ ਮੁਕਤਸਰ ਪੁਲਿਸ ਵਲੋਂ ਮੇਨ ਦੋਸ਼ੀ ਨਸ਼ਾ ਤਸਕਰਾਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜੋ ਕਿ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਹੈ, ਨਾ ਹੀ ਸਿਵਲ ਪ੍ਰਸ਼ਾਸਨ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ ਵਾਅਦੇ ਮੁਤਾਬਕ ਯੋਗ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਨਿਕਲ ਗਈ ਹੈ। ਰੋਜ਼ਾਨਾ ਚਿੱਟੇ ਦੀ ਓਵਰਡੋਜ਼ ਕਰਕੇ ਪੰਜਾਬ ਵਿਚ ਲਗਾਤਾਰ ਮੌਤਾਂ ਹੋ ਰਹੀਆਂ ਹਨ। ਸਮੱਗਲਰਾਂ ਨੂੰ ਪੁਲਿਸ ਦੀ ਸ਼ਹਿ ਪ੍ਰਾਪਤ ਹੋਣ ਕਰਕੇ ਨਸ਼ੇ ਦਾ ਕਾਲਾ ਧੰਦਾ ਬੇਖੌਫ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿਹਾ ਜੇਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਨੌਜਵਾਨ ਭਾਰਤ ਸਭਾ ਵਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪਿੰਡ ਕਮੇਟੀ ਦੇ ਆਗੂ ਗੋਰਾ ਸਿੰਘ, ਜਗਮੀਤ ਸਿੰਘ, ਸੁਖਮੰਦਰ ਸਿੰਘ, ਗੱਗੂ ਸਿੰਘ, ਧੀਰਾ ਸਿੰਘ, ਬਬਰ ਸਿੰਘ, ਜਲੋਰ ਸਿੰਘ, ਸੂਬਾ ਸਿੰਘ, ਗੋਰਾ ਸਿੰਘ, ਲਖਵੀਰ ਸਿੰਘ, ਸੱਤੂ ਸਿੰਘ, ਮੱਟੂ ਸਿੰਘ, ਦੋਣੀ ਸਿੰਘ ਹਾਜ਼ਰ ਸਨ।