ਫ਼ਰੀਦਕੋਟ, 23 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ ਫ਼ਰੀਦਕੋਟ ਸ਼ਹਿਰ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਨੂੰ ਦੇਖਦੇ ਹੋਏ ਇੱਥੋਂ ਦੇ ਪੁਰਾਤਨ ਬਣੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ’ਚ ਲੈ ਕੇ ਇਸਦਾ ਆਧੁਨਿਕ ਕਰਨ ਕੀਤਾ ਜਾਵੇ। ਉਨ੍ਹਾਂ ਪੱਤਰ ’ਚ ਲਿਖਿਆ ਕਿ ਫ਼ਰੀਦਕੋਟ ਸ਼ਹਿਰ ਨੂੰ 12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਚਰਨਛੋਹ ਪ੍ਰਾਪਤ ਹੈ। ਇਹ ਸ਼ਹਿਰ ਇਕ ਐਜੂਕੇਸ਼ਨ ਹੱਬ ਵਜੋਂ ਵਿਕਸਿਤ ਹੈ। ਇੱਥੇ ਪੰਜਾਬ ਦੀ ਪਹਿਲੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਹੈ। ਦਸਮ ਪਿਤਾ ਦੇ ਨਾਂਅ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਸਰਕਾਰੀ ਪੱਧਰ ’ਤੇ ਬਣੇ ਹੋਏ ਹਨ। ਇਸ ਤੋਂ ਇਲਾਵਾ ਮੈਡੀਕਲ, ਇੰਜੀਨੀਅਰਿੰਗ, ਲਾਅ ਦੇ ਵੱਡੇ ਇੰਸਟੀਚਿਊਟ ਹਨ। ਫ਼ਰੀਦਕੋਟ ਜ਼ਿਲ੍ਹਾ ਹੈਡਕੁਆਰਟਰ ਦੇ ਨਾਲ ਨਾਲ ਡਵੀਜ਼ਨਲ ਹੈਡਕੁਆਰਟਰ ਵੀ ਹੈ। ਇਸ ਸ਼ਹਿਰ ਅੰਦਰ ਆਰਮੀ ਦੀ ਵੱਡਾ ਡਿਬ ਸਟੇਸ਼ਨ ਹੈ। ਇੱਥੇ ਬਹੁਤ ਸਾਰੇ ਵਿਦਿਆਰਥੀ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਉਂਦੇ ਤੇ ਜਾਂਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦਿਆਂ ਇਸ ਰੇਲਵੇ ਸਟੇਸ਼ਨ ਦਾ ਆਧੁਨਿਕ ਕਰਨ ਹੋਣਾ ਜ਼ਰੂਰੀ ਹੋ ਜਾਂਦਾ ਹੈ। ਰੇਲਵੇ ਸਟੇਸ਼ਨ ’ਚ ਪਲੇਟਫਾਰਮ ਨੰ: 2 ਜੋ ਕਿ ਅਧੂਰਾ ਹੈ ਜਿਸ ਲਈ ਮੁਸਾਫ਼ਰਾਂ ਨੂੰ ਪਲੇਟਫ਼ਾਰਮ ਨੰ: 1 ਤੋਂ 2 ਤੱਕ ਜਾਣ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਫ਼ਰੀਦਕੋਟ ਰੇਲਵੇ ਸਟੇਸ਼ਨ ਅੰਮ੍ਰਿਤ ਭਾਰਤ ਸਟੇਸ਼ਨ ਅਧੀਨ ਆ ਜਾਂਦਾ ਹੈ ਤਾਂ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਦਾ ਵਿਸਥਾਰ ਕੀਤਾ ਜਾ ਸਕਦਾ ਹੈ ਅਤੇ ਪਾਰਕਿੰਗ ਸਹੂਲਤ ਸਹੀ ਹੋ ਸਕਦੀ ਹੈ। ਸ਼ਹਿਰ ਦੇ ਭਾਰੀ ਆਵਾਜਾਈ ਨੂੰ ਦੇਖਦਿਆਂ ਫ਼ਰੀਦਕੋਟ-ਚਾਹਲ ਰੋਡ ਰੇਲਵੇ ਫ਼ਾਟਕ ਗੇਟ ਨੰ: 30 ’ਤੇ ਵੀ ਉਸ ਸਮੇਂ ਮੁਸ਼ਕਿਲ ਪੈਦਾ ਹੋ ਜਾਂਦੀ ਹੈ ਜਦੋਂ ਐਂਬੂਲੈਂਸਾਂ ਭਿਆਨਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਲੈ ਕੇ ਲੰਘਦੀਆਂ ਹਨ। ਇਸ ਤੋਂ ਇਲਾਵਾ ਫ਼ਰੀਦਕੋਟ ਤੋਂ ਬਠਿੰਡਾ ਡਬਲ ਲਾਈਨ ਹੁਣ ਸਮੇਂ ਦੀ ਲੋੜ ਹੋ ਗਈ ਹੈ। ਇਨ੍ਹਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਰੇਲਵੇ ਵਿਭਾਗ ਨੂੰ ਇੱਥੋਂ ਦੇ ਰੇਲਵੇ ਸਟੇਸ਼ਨ ਨੂੰ ਅਪਗਰੇਡ ਕਰਨਾ ਚਾਹੀਦਾ ਹੈ।