ਬਾਜਾਖਾਨਾ, 23 ਜੁਲਾਈ (ਜਗਦੀਪ ਸਿੰਘ ਗਿੱਲ)–ਬਾਜਾਖਾਨਾ ਵਿਖੇ ਸਾਉਣ ਮਹੀਨੇ ਦੀ ਪਹਿਲੀ ਬਰਸਾਤ ਨੇ ਹੀ ਸੀਵਰੇਜ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਅਤੇ ਪਹਿਲੀ ਬਰਸਾਤ ਨਾਲ ਹੀ ਬਾਜਾਖਾਨਾ ਵਿਖੇ ਜਲਥਲ ਹੋ ਗਿਆ ਤੇ ਚਾਰੇ ਪਾਸੇ ਸਾਰੀਆਂ ਸੜਕਾਂ ’ਤੇ ਪਾਣੀ ਹੀ ਪਾਣੀ ਖੜ੍ਹ ਗਿਆ। ਜਿਸ ਨਾਲ ਇਲਾਕੇ ਦੇ ਲੋਕਾਂ ਖਾਸ ਕਰਕੇ ਬਜ਼ੁਰਗਾਂ, ਵਿਦਿਆਰੀਆਂ ਅਤੇ ਛੋਟੇ ਬੱਚਿਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ ਕਿਉਂਕਿ ਬਾਜਾਖਾਨਾ ਦੀ ਐਨ.ਐਚ.54 ਮਾਰਗ ਦੇ ਦੋਵੇਂ ਪਾਸੇ ਸਰਵਿਸ ਰੋਡ ’ਤੇ ਪਾਣੀ ਦੇ ਦਰਿਆ ਖੜ੍ਹੇ ਹੋਣ ਕਰਕੇ ਕਸਬੇ ਦੇ ਵਾਸੀਆਂ ਲੰਘਣ ਵਿਚ ਬਹੁਤ ਵੱਡੀ ਦਿੱਕਤ ਆ ਰਹੀ ਹੈ। ਕਸਬਾ ਬਾਜਾਖਾਨਾ ਦੀ ਫ਼ਿਰਨੀ ਜੋ ਕਿ ਬਠਿੰਡਾ ਰੋਡ ਤੋਂ ਸ਼ੁਰੂ ਹੁੰਦੀ ਹੈ ਦਾ ਅਤਿ ਮਾੜਾ ਹਾਲ ਹੈ। ਇਸ ਫ਼ਿਰਨੀ ’ਤੇ ਡੇਰਾ ਦਿੱਲੀ ਵਾਲਾ, ਗਊਸ਼ਾਲਾ, ਗੁਰਦੁਆਰਾ ਰਾਮਸਰ ਸਾਹਿਬ ਅਤੇ ਸਵਰਗੀ ਹਰਜੀਤ ਮੈਮੋਰੀਅਲ ਸਟੇਡੀਅਮ, ਪ੍ਰਾਇਮਰੀ ਅਤ ਕੰਨਿਆ ਹਾਈ ਸਕੂਲ ਆਦਿ ਦੇ ਜਾਣ ਵਾਲਾ ਮੁੱਖ ਰਸਤਾ ਹੋਣ ਕਰਕੇ ਬਹੁਤ ਮੁਸ਼ਕਿਲ ਆ ਰਹੀ ਹੈ। ਇਹ ਫ਼ਿਰਨੀ ਦਾ ਪੱਧਰ ਨੀਵਾਂ ਹੋਣ ਕਰਕੇ ਅਤੇ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਥੋੜੀ ਜਿਹੀ ਬਾਰਿਸ਼ ਨਾਲ ਹੀ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਸਬੰਧੀ ਕਸਬੇ ਦੇ ਸੀਨੀਅਰ ਕਾਂਗਰਸੀ ਆਗੂ ਭਗਤ ਸਿੰਘ ਚਹਿਲ, ਸਾਬਕਾ ਸਰਪੰਚ ਲਛਮਨ ਸਿੰਘ ਬਰਾੜ, ਸਮਾਜ ਸੇਵੀ ਆਗੂ ਕਰਮ ਸਿੰਘ ਬਰਾੜ, ਰਾਜੇਸ਼ ਕੁਮਾਰ ਪੱਪੂ ਗੋਇਲ, ਪਵਨ ਗੋਇਲ, ਜਗਤਾਰ ਸਿੰਘ ਕਾਲਾ ਬਰਾੜ, ਡਾ: ਮੁਹੰਮਦ ਰੂਪ ਖਾਨ, ਐਡਵੋਕੇਟ ਸੁਖਵੰਤ ਸਿੰਘ ਜੁਗਨੂੰ ਬਰਾੜ, ਜਗਸੀਰ ਸਿੰਘ ਸੀਰਾ ਬਰਾੜ, ਕੁਲਦੀਪ ਸਿੰਘ ਫ਼ੌਜੀ ਢਿੱਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਸਰਕਲ ਬਾਜਾਖਾਨਾ, ਪਰਗਟ ਸਿੰੰਘ ਬਰਾੜ, ਮਦਨ ਲਾਲ ਮੱਦੀ ਸੇਠ, ਜਸਮੇਲ ਸਿੰਘ ਸਾਬਕਾ ਸਰਪੰਚ, ਰਾਜੂ ਯੂ.ਪੀ. ਵਾਲਾ, ਹਰਮੇਲ ਸਿੰਘ ਗੋਰਾ ਢਿੱਲੋਂ ਸਾਬਕਾ ਸਰਪੰਚ , ਸਰਬਜੀਤ ਸਿੰਘ ਬਰਾੜ ਪ੍ਰਧਾਨ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਕਸਬਾ ਬਾਜਾਖਾਨਾ ਦੀ ਸੀਵਰੇਜ ਦੀ ਪ੍ਰਮੁੱਖ ਮੰਗ ਵੱਲ ਸਵੱਲੀ ਨਜ਼ਰ ਮਾਰੀ ਜਾਵੇ।