ਫ਼ਰੀਦਕੋਟ, 28 ਜੁਲਾਈ (ਸਰਬਜੀਤ ਸਿੰਘ)-ਲੀਗਲ ਏਡ ਡਿਫੈਂਸ ਕੌਂਸਲ ਸਕੀਮ ਵਿਰੁੱਧ ਚੱਲ ਰਹੀ ਵਕੀਲਾਂ ਦੀ ਹੜਤਾਲ ਅੱਜ ਜਾਰੀ ਰਹੀ। ਬਾਰ ਐਸੋਸੀਏਸ਼ਨ ਫ਼ਰੀਦਕੋਟ ਦੇ ਵਕੀਲਾਂ ਵਲੋਂ ਅੱਜ ਅਦਾਲਤਾਂ ਵਿਚ ਜਾ ਕੇ ਐਲ.ਏ.ਡੀ.ਸੀ. ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਸਕੀਮ ਦੇ ਮੈਂਬਰ ਬਣਨ ਵਾਲੇ ਕਰੀਬ 200 ਵਕੀਲਾਂ ਦੇ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ ਲਾਈਸੰਸ ਮੁਅੱਤਲ ਕਰਨ ਦਾ ਮਤਾ ਪਾਸ ਕਰ ਦਿੱਤਾ ਹੈ। ਜ਼ਿਲ੍ਹਾ ਬਾਰ ਐਸੋਸੀਏਸਨ ਦੇ ਪ੍ਰਧਾਨ ਗੁਰਜੁਗਪਾਲ ਸਿੰਘ ਬਰਾੜ, ਵਿਪਨ ਤਾਇਲ, ਸਿਮਰ ਵਿਜੇ ਸਿੰਘ, ਸਰਨਾਮ ਸਿੰਘ ਸੰਧੂ, ਨਵਜੋਤ ਸਿੰਘ ਵਹੈਣੀਵਾਲ, ਪਿ੍ਰਤਪਾਲ ਸਿੰਘ ਸੁਖੀਜਾ ਨੋਟਰੀ, ਜਸਕੀਰਤ ਸਿੰਘ ਬਾਵਾ ਅਤੇ ਅਵੀਨਾਸ਼ ਕੌਰ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਪੰਜਾਬ ਭਰ ਦੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਨੂੰ ਰੱਦ ਕਰਵਾਉਣ ਲਈ ਹੜਤਾਲ ਕੀਤੀ ਹੋਈ ਹੈ। ਪ੍ਰਧਾਨ ਗੁਰਜੁਗਪਾਲ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸ਼ੈਸ਼ਨ ਜੱਜ ਫ਼ਰੀਦਕੋਟ ਨੂੰ ਲਿਖਤੀ ਮੰਗ ਪੱਤਰ ਦੇ ਕੇ ਅਪੀਲ ਕੀਤੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਮੁੱਖ ਜੱਜ ਵਲੋਂ ਵਕੀਲਾਂ ਖ਼ਿਲਾਫ਼ ਕੀਤੀ ਗਈ ਇਤਰਾਜਯੋਗ ਟਿੱਪਣੀ ਤੁਰੰਤ ਵਾਪਸ ਲਈ ਜਾਵੇ ਨਹੀਂ ਤਾਂ ਸੂਬੇ ਭਰ ਦੀਆਂ ਬਾਰ ਐਸੋਸੀਏਸ਼ਨਾਂ ਹਾਈਕੋਰਟ ਅੱਗੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਜਾਣਗੀਆਂ। ਪੰਜਾਬ ਦੇ ਵਕੀਲਾਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਕੌਂਸਲ ਨੇ 30 ਜੁਲਾਈ ਤੱਕ ਹਾਈਕੋਰਟ ਵਿਚ ਵੀ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਫ਼ਰੀਦਕੋਟ ਬਾਰ ਐਸੋਸੀਏਸਨ ਦੇ ਅੱਜ 120 ਮੈਂਬਰਾਂ ਨੇ ਭੁੱਖ ਹੜਤਾਲ ਰੱਖ ਕੇ ਐਲ.ਏ.ਡੀ.ਸੀ ਸਕੀਮ ਦਾ ਵਿਰੋਧ ਦਰਜ ਕਰਵਾਇਆ।