ਫ਼ਰੀਦਕੋਟ, 30 ਜੁਲਾਈ (ਸਰਬਜੀਤ ਸਿੰਘ)-ਪਿਛਲੇ ਲਗਪਗ ਇਕ ਮਹੀਨੇ ਤੋਂ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਵਿਰੁੱਧ ਚੱਲ ਰਹੀ ਵਕੀਲਾਂ ਦੀ ਹੜਤਾਲ ਅੱਜ ਵੀ ਜਾਰੀ ਰਹੀ। ਬਾਰ ਐਸੋਸੀਏਸ਼ਨ ਫ਼ਰੀਦਕੋਟ ਦੇ ਵਕੀਲਾਂ ਵਲੋਂ ਅੱਜ ਪ੍ਰਧਾਨ ਗੁਰਜੁਗਪਾਲ ਸਿੰਘ ਬਰਾੜ ਦੀ ਅਗਵਾਈ ਵਿਚ ਸ਼ਹਿਰ ਵਿਚ ਪੈਦਲ ਰੋਸ ਮਾਰਚ ਕੱਢਿਆ ਗਿਆ ਅਤੇ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਵਕੀਲਾਂ ਵਲੋਂ ਅਦਾਲਤਾਂ ਵਿਚ ਜਾ ਕੇ ਐਲ.ਏ.ਡੀ.ਸੀ. ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜ਼ਿਲ੍ਹਾ ਬਾਰ ਐਸੋਸੀਏਸਨ ਦੇ ਪ੍ਰਧਾਨ ਗੁਰਜੁਗਪਾਲ ਸਿੰਘ ਬਰਾੜ, ਵਿਪਨ ਤਾਇਲ, ਸਿਮਰ ਵਿਜੇ ਸਿੰਘ, ਸ਼ਿਵਕਰਤਾਰ ਸਿੰਘ ਸੇਖੋਂ, ਸਰਨਾਮ ਸਿੰਘ ਸੰਧੂ, ਨਵਜੋਤ ਸਿੰਘ ਵੈਹਣੀਵਾਲ, ਪਿ੍ਰਤਪਾਲ ਸਿੰਘ ਸੁਖੀਜਾ ਨੋਟਰੀ, ਜਸਕੀਰਤ ਸਿੰਘ ਬਾਵਾ ਅਤੇ ਅਵੀਨਾਸ਼ ਕੌਰ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਪੰਜਾਬ ਭਰ ਦੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਨੂੰ ਰੱਦ ਕਰਵਾਉਣ ਲਈ ਹੜਤਾਲ ਕੀਤੀ ਹੋਈ ਹੈ। ਪ੍ਰਧਾਨ ਗੁਰਜੁਗਪਾਲ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸ਼ੈਸ਼ਨ ਜੱਜ ਫ਼ਰੀਦਕੋਟ ਨੂੰ ਲਿਖਤੀ ਮੰਗ ਪੱਤਰ ਦੇ ਕੇ ਅਪੀਲ ਕੀਤੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਮੁੱਖ ਜੱਜ ਵਲੋਂ ਵਕੀਲਾਂ ਖ਼ਿਲਾਫ਼ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਤੁਰੰਤ ਵਾਪਸ ਲਈ ਜਾਵੇ ਨਹੀਂ ਤਾਂ ਸੂਬੇ ਭਰ ਦੀਆਂ ਬਾਰ ਐਸੋਸੀਏਸ਼ਨਾਂ ਹਾਈਕੋਰਟ ਅੱਗੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਜਾਣਗੀਆਂ। ਵਕੀਲਾਂ ਵਲੋਂ ਸ਼ਹਿਰ ਦੇ ਘੰਟਾ ਘਰ ਬਾਜ਼ਾਰ, ਮੇਨ ਬਾਜ਼ਾਰ, ਕਿਲਾ ਮੁਬਾਰਕ ਚੌਂਕ, ਬਾਬਾ ਫ਼ਰੀਦ ਤੋਂ ਹੁੰਦੇ ਹੋਏ ਕੰਮੇਆਣਾ ਗੇਟ, ਸਰਕੂਲ ਰੋਡ ਹੁੰਦੇ ਹੋਏ ਸਾਰੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਐਲ.ਏ.ਡੀ.ਸੀ. ਸਕੀਮ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਐਡਵੋਕੇਟ ਅਸ਼ੋਕ ਕੁਮਾਰ ਬੱਬੂ, ਸੰਦੀਪ ਕੱਕੜ, ਰਾਕੇਸ਼ ਭਠੇਕਾ, ਪ੍ਰਸ਼ੋਤਮ ਕੁਮਾਰ, ਰਮਿੰਦਰ ਸਿੰਘ ਰੰਮੀ, ਸਿਮਰਨਜੀਤ ਸਿੰਘ ਨੇ ਕਿਹਾ ਕਿ ਜੇਕਰ ਇਸ ਸਕੀਮ ਨੂੰ ਵਾਪਿਸ ਨਾ ਲਿਆ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।
ਵਕੀਲਾਂ ਨੇ ਐਲ.ਏ.ਡੀ.ਸੀ. ਖ਼ਿਲਾਫ਼ ਸ਼ਹਿਰ ’ਚ ਕੀਤਾ ਪੈਦਲ ਰੋਸ ਮਾਰਚ
ਅਜੀਤ ਡੈਸਕ
31-07-2026