ਜੈਤੋ, 30 ਜੁਲਾਈ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਬਰਨਾਲਾ ਸ਼ਹਿਰ ਵਿਚ ਸਰਕਾਰ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ’ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਸਫ਼ਾਈ ਸੇਵਕਾਂ ਵਲੋਂ ਪੰਜਾਬ ਭਰ ਵਿਚ ਦਿੱਤੇ ਬੰਦ ਦੇ ਸੱਦੇ ਨੂੰ ਜੈਤੋ ਵਿਚ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਸਫਾਈ ਸੇਵਕ ਯੂਨੀਅਨ ਜੈਤੋ ਵਲੋਂ ਸ਼ਹਿਰ ਵਿਚ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਵੇਰ ਤੋਂ ਹੀ ਸ਼ਹਿਰ ਦੀਆਂ ਕਈ ਦੁਕਾਨਾਂ ਬੰਦ ਰਹੀਆਂ। ਮੈਡੀਕਲ ਸਟੋਰ, ਬੈਂਕਾਂ ਅਤੇ ਕੁਝ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੇ ਵੀ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਆਪਣੇ ਅਦਾਰੇ ਬੰਦ ਰੱਖੇ, ਜਦਕਿ ਕੁਝ ਕਾਰੋਬਾਰੀ ਅਦਾਰੇ ਖੁੱਲ੍ਹੇ ਰਹੇ। ਕੁੱਲ ਮਿਲਾ ਕੇ ਜੈਤੋ ਵਿਚ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿਚ ਲੋਕਾਂ ਨੇ ਸਫਾਈ ਕਰਮਚਾਰੀਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਸੰਘਰਸ਼ ਨੂੰ ਆਪਣਾ ਸਮਰਥਨ ਦਿੱਤਾ। ਸਫਾਈ ਸੇਵਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬਰਨਾਲਾ ਵਿਚ ਆਪਣੀਆਂ ਜਾਇਜ਼ ਮੰਗਾਂ ਲਈ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰ ਰਹੇ ਕਰਮਚਾਰੀਆਂ ਉੱਪਰ ਲਾਠੀਚਾਰਜ ਕਰਨਾ ਬੇਹੱਦ ਨਿੰਦਣਯੋਗ ਹੈ ਅਤੇ ਇਹ ਲੋਕਤੰਤਰੀ ਹੱਕਾਂ ਦਾ ਘਾਣ ਹੈ। ਉਨ੍ਹਾਂ ਮੰਗ ਕੀਤੀ ਕਿ ਲਾਠੀਚਾਰਜ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਫਾਈ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ। ਰੋਸ ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਭਰਵਾਂ ਸਮਰਥਨ ਦਿੱਤਾ ਗਿਆ। ਇਸ ਮੌਕੇ ਸਫਾਈ ਸੇਵਕ ਯੂਨੀਅਨ ਜੈਤੋ ਦੇ ਰਾਮ ਕਰਨ, ਹਮੇਸ਼ ਕੁਮਾਰ, ਮੁਨਸ਼ੀ ਰਾਮ, ਰਾਕੇਸ਼ ਕੁਮਾਰ ਰਿੰਕੂ, ਰਾਜੇਸ਼ ਕੁਮਾਰ ਗੋਗੀ, ਪਵਨ ਕੁਮਾਰ, ਵਿਕਰਮ ਸਿੰਘ, ਕਰਮੂ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਨਾਇਬ ਸਿੰਘ ਭਗਤੂਆਣਾ, ਸਮਾਜ ਸੇਵੀ ਕਾਲਾ ਸ਼ਰਮਾ, ਜਗਦੇਵ ਢੱਲਾ, ਨੱਥਾ ਸਿੰਘ ਰੋੜੀਕਪੂਰਾ, ਕਰਮਜੀਤ ਸਿੰਘ ਚੈਨਾ, ਪਰਮਜੀਤ ਸਿੰਘ ਚੈਨਾ, ਸਿਕੰਦਰ ਸਿੰਘ, ਅਜੀਤ ਸਿੰਘ, ਬਲਵੰਤ ਸਿੰਘ (ਜੈਤੋ), ਜਸਵਿੰਦਰ ਸਿੰਘ (ਗੁਰੂਸਰ) ਸਮੇਤ ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਬਰਨਾਲਾ ਲਾਠੀਚਾਰਜ ਦੇ ਰੋਸ ’ਚ ਜੈਤੋ ਰਿਹਾ ਬੰਦ, ਸਫ਼ਾਈ ਸੇਵਕਾਂ ਨੇ ਕੀਤਾ ਰੋਸ ਮਾਰਚ
ਅਜੀਤ ਡੈਸਕ
31-07-2026