ਬਾਜਾਖਾਨਾ, 30 ਜੁਲਾਈ (ਜੀਵਨ ਗਰਗ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ’ਚ ਜੋ ਵਿਕਾਸ ਕਾਰਜ ਆਪਣੇ ਸਿਰਫ ਚਾਰ ਸਾਲ ਤੋਂ ਉੱਪਰ ਦੇ ਕਾਰਜਕਾਲ ਦੌਰਾਨ ਕਰਵਾਏ ਰਿਵਾਇਤੀ ਪਾਰਟੀਆਂ ਅਜਿਹੇ ਕੰਮ ਆਪਣੇ ਲੰਮੇ ਕਾਰਜਕਾਲ ਦੌਰਾਨ ਨਹੀਂ ਕਰਵਾ ਸਕੀਆਂ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੱਤ੍ਹਾ ਆਉਣ ਤੋਂ ਪਹਿਲਾਂ ਪੰਜਾਬ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ’ਤੇ ਕੀਤੇ ਵਾਅਦੇ ਲਗਪਗ ਪੂਰੇ ਕਰ ਦਿੱਤੇ ਹਨ ਅਤੇ ਬਾਕੀ ਰਹਿੰਦੇ ਵੀ ਬਹੁਤ ਜਲਦੀ ਪੂਰੇ ਹੋਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਇਹ ਵਾਅਦਾ ਸੀ ਕਿ ਉਹ ਆਉਂਦੀਆਂ ਚੋਣਾਂ ਲਈ ਆਪਣੇ ਵਿਕਾਸ ਕਾਰਜਾਂ ਦੇ ਅਧਾਰ ’ਤੇ ਲੋਕਾਂ ਤੋਂ ਵੋਟਾਂ ਦੀ ਮੰਗ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜੈਤੋ ਤੋਂ ਵਿਧਾਇਕ ਇੰਜ. ਅਮੋਲਕ ਸਿੰਘ ਨੇ ਬਾਜਾਖਾਨਾ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਹੋਇਆ ਹੈ ਜਦੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਬਿਨ੍ਹਾਂ ਕਿਸੇ ਭੇਦਭਾਵ ਅਤੇ ਬਿਨ੍ਹਾਂ ਰਿਸ਼ਵਤ ਤੋਂ ਸਿਰਫ ਉਨ੍ਹਾਂ ਦੀ ਯੋਗਤਾ ਦੇ ਅਧਾਰ ’ਤੇ ਦਿੱਤੀਆਂ ਗਈਆਂ ਹੋਣ। ਇਸ ਤੋਂ ਇਲਾਵਾ ਔਰਤਾਂ ਦਾ ਬੱਸ ਸਫ਼ਰ ਮੁਫ਼ਤ, ਬਜ਼ੁਰਗ ਲਈ ਮੁਫ਼ਤ ਤੀਰਥ ਯਾਤਰਾ, ਆਟਾ ਦਾਲ ਸਕੀਮ, ਮਾਵਾਂ ਧੀਆਂ ਸਤਿਕਾਰ, ਪੰਜਾਬ ਦੇ ਨਹਿਰਾਂ, ਸੂਏ ਕੱਸੀਆਂ ਦਾ ਨਵੀਨੀਕਰਨ, ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਆਦਿ ਵਰਗੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨ ਕਿ ਆਪਣੇ ਵਾਅਦੇ ਪੂਰੇ ਕੀਤੇ। ਜਿਸ ਨੇ ਰਿਵਾਇਤੀ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੂੰਹ ਬੰਦ ਕਰਵਾ ਦਿੱਤੇ ਹਨ। ਇਸ ਮੌਕੇ ਸਰਪੰਚ ਜਗਸੀਰ ਸਿੰਘ, ਸਰਪੰਚ ਰੇਸ਼ਮ ਸਿੰਘ, ਸਰਪੰਚ ਹਰਵਿੰਦਰ ਸਿੰਘ ਬੱਬੂ ਆਦਿ ਹਾਜ਼ਰ ਸਨ।