ਬਿਨਾਂ ਡਿਗਰੀ ਐਲੋਪੈਥਿਕ ਕਲੀਨਿਕ ਚਲਾਉਣ ਵਾਲਾ ਕਾਬੂ, ਕੇਸ ਦਰਜ
ਅਜੀਤ ਡੈਸਕ
01-08-2026
ਡੱਬਵਾਲੀ, 31 ਜੁਲਾਈ ਇਕਬਾਲ ਸਿੰਘ ਸ਼ਾਂਤ)-ਸਿਹਤ ਵਿਭਾਗ ਨੇ ਸ਼ਹਿਰ ਦੇ ਵਾਰਡ ਇੱਕ ਵਿੱਚ ਬਿਨਾਂ ਮਾਨਤਾ ਪ੍ਰਾਪਤ ਡਿਗਰੀ ਅਤੇ ਰਜਿਸਟ੍ਰੇਸ਼ਨ ਦੇ ਐਲੋਪੈਥਿਕ ਕਲੀਨਿਕ ਚਲਾਉਣ ਦਾ ਭੰਡਾਫੋੜ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਦੇਵ ਸਿੰਘ ਵਜੋਂ ਹੋਈ ਹੈ। ਸਿਹਤ ਵਿਭਾਗ ਦੀ ਸ਼ਿਕਾਇਤ ’ਤੇ ਸਿਟੀ ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਬ ਡਵੀਜਨ ਸਿਵਲ ਹਸਪਤਾਲ ਡੱਬਵਾਲੀ ਦੇ ਵਧੀਕ ਐੱਸਐੱਮਓ ਡਾ. ਹਰਸਿਮਰਨ ਸਿੰਘ ਗਨੇਜਾ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ ’ਤੇ ਗੁਰਦੇਵ ਸਿੰਘ ਦੇ ਕਲੀਨਿਕ ਦੀ ਅਚਨਚੇਤ ਜਾਂਚ ਕੀਤੀ ਗਈ। ਜਾਂਚ ਦੌਰਾਨ ਉਹ ਮਰੀਜ਼ਾਂ ਦਾ ਇਲਾਜ ਕਰਦਾ ਮਿਲਿਆ। ਮੌਕੇ ’ਤੇ ਚੰਦਨ ਨਾਂਅ ਦਾ ਇੱਕ ਮਰੀਜ਼ ਵੀ ਇਲਾਜ ਲਈ ਮੌਜੂਦ ਸੀ। ਜਾਂਚ ਦੌਰਾਨ ਟੀਮ ਨੇ ਪ੍ਰੈਗਾਬਾਲਿਨ 300 ਐੱਮਜੀ ਦੇ 212 ਕੈਪਸੂਲ ਅਤੇ ਬਿਨਾਂ ਲੇਬਲ ਵਾਲੀਆਂ ਖੁੱਲ੍ਹੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ। ਗੁਰਦੇਵ ਸਿੰਘ ਤੋਂ ਮੈਡੀਕਲ ਡਿਗਰੀ, ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਐਲੋਪੈਥਿਕ ਇਲਾਜ ਕਰਨ ਸਬੰਧੀ ਜਾਇਜ਼ ਦਸਤਾਵੇਜ਼ ਮੰਗੇ ਗਏ, ਪਰ ਉਹ ਕੋਈ ਵੀ ਸਬੂਤ ਪੇਸ਼ ਨਾ ਕਰ ਸਕਿਆ। ਸਿਹਤ ਵਿਭਾਗ ਦੀ ਰਿਪੋਰਟ ਦੇ ਆਧਾਰ ’ਤੇ ਪੁਲਿਸ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਐਕਟ, 2019 ਦੀ ਧਾਰਾ 15(2) ਅਤੇ ਬੀਐੱਨਐੱਸ ਦੀ ਧਾਰਾ 318 ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।