ਸਰਕਾਰੀ ਬ੍ਰਿਜਿੰਦਰਾ ਕਾਲਜ ਵਲੋਂ ਐਨ.ਐਸ.ਐਸ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਐਨ. ਐਸ.
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਐਨ.ਐਸ.ਐਸ ਵਿਭਾਗ ਵਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਐਨ.ਐਸ.ਐਸ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਕੌਮੀ ਸੇਵਾ ਯੋਜਨਾ (ਐਨ.ਐਸ.ਐਸ) ਦੇ ਉਦੇਸ਼ਾਂ, ਗਤੀਵਿਧੀਆਂ ਅਤੇ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ। ਐਨ.ਐਸ.ਐਸ ਕੋਆਰਡੀਨੇਟਰ ਪ੍ਰੋ. ਹਿਮਾਂਸ਼ੂ ਨਾਗਪਾਲ ਨੇ ਐਨ.ਐਸ.ਐਸ ਦੀ ਮਹੱਤਤਾ ਉੱਤੇ ਰੌਸ਼ਨੀ ਪਾਈ ਅਤੇ ਕਿਹਾ ਕਿ ਇਹ ਸਕੀਮ ਵਿਦਿਆਰਥੀਆਂ ਵਿਚ ਨੇਤ੍ਰਤਵ ਗੁਣ, ਸਮਾਜਿਕ ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਵਿਕਸਿਤ ਕਰਦੀ ਹੈ। ਉਨ੍ਹਾਂ ਐਨ.ਐਸ.ਐਸ ਦੇ ਮੋਟੋ ‘ ਨਾਟ ਮੀ ਬੱਟ ਯੂ’ (ਮੈਂ ਨਹੀਂ ਸਗੋਂ ਤੁਸੀਂ) ਦੀ ਵਿਆਖਿਆ ਕਰਦਿਆਂ ਨਿਸ਼ਕਾਮ ਸੇਵਾ ਅਤੇ ਸਮਾਜ ਪ੍ਰਤੀ ਸਹਾਨੁਭੂਤੀ ਦੀ ਭਾਵਨਾ ਉੱਤੇ ਜ਼ੋਰ ਦਿੱਤਾ। ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ. ਮਨਿੰਦਰ ਕੌਰ, ਪ੍ਰੋ. ਹਰਪ੍ਰੀਤ ਸਿੰਘ ਸੱਫੀ ਅਤੇ ਪ੍ਰੋ. ਗਗਨਦੀਪ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਐਨ.ਐਸ.ਐਸ ਰਾਹੀਂ ਉਪਲਬਧ ਵੱਖ-ਵੱਖ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੇ ਕੈਂਪਾਂ, ਵਿਸ਼ੇਸ਼ ਕੈਂਪਿੰਗ ਪ੍ਰੋਗਰਾਮਾਂ, ਐਡਵੈਂਚਰ ਗਤੀਵਿਧੀਆਂ, ਯੂਥ ਫ਼ੈਸਟੀਵਲਾਂ ਅਤੇ ਪਰਸਨੈਲਿਟੀ ਡਿਵੈਲਪਮੈਂਟ ਪ੍ਰੋਗਰਾਮਾਂ ਵਿਚ ਭਾਗ ਲੈਣ ਬਾਰੇ ਜਾਣੂ ਕਰਵਾਇਆ। ਓਰੀਐਂਟੇਸ਼ਨ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਮਾਈ ਭਾਰਤ ਪੋਰਟਲ ਉੱਤੇ ਰਜਿਸਟਰ ਕਰਨ ਲਈ ਵੀ ਮਾਰਗਦਰਸ਼ਨ ਦਿੱਤਾ ਗਿਆ, ਜਿਸ ਰਾਹੀਂ ਉਹ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀਆਂ ਵੱਖ-ਵੱਖ ਸੇਵਾ ਮੌਕਿਆਂ, ਯੂਥ ਐਨਗੇਜਮੈਂਟ ਪ੍ਰੋਗਰਾਮਾਂ ਅਤੇ ਸਕਿੱਲ ਡਿਵੈਲਪਮੈਂਟ ਪਹਿਲਕਦਮੀਆਂ ਦਾ ਲਾਭ ਲੈ ਸਕਦੇ ਹਨ। ਅੰਤ ਵਿਚ ਵਿਦਿਆਰਥੀਆਂ ਨੇ ਐਨ.ਐਸ.ਐਸ ਦੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਸਮਾਜ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਿਚ ਐਨ.ਐਸ.ਐਸ ਪ੍ਰਤੀ ਖਾਸ ਉਤਸ਼ਾਹ ਅਤੇ ਰੁਚੀ ਦੇਖਣ ਨੂੰ ਮਿਲੀ। ਸਮਾਗਮ ਸਫਲਤਾ ਪੂਰਵਕ ਸਮਾਪਤ ਹੋਇਆ।