ਆੜ੍ਹਤੀਆ ਐਸੋਸੀਏਸ਼ਨ ਨੇ ਆੜ੍ਹਤ ਦੀ ਇਕ ਫ਼ਰਮ ਅੱਗੇ ਲਗਾਇਆ ਰੋਸ ਧਰਨਾ
ਕੋਟਕਪੂਰਾ, 17 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਨਵੀਂ ਦਾਣਾ ਮੰਡੀ ’ਚ ਕੋਟਕਪੂਰਾ ਦੇ ਇਕ ਆੜ੍ਹਤੀਏ ਵਿਰੁੱਧ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਨੇ ਰੋਸ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ’ਚ ਦੋਸ਼ ਲਗਾਇਆ ਕਿ ਤੋਤਾ ਰਾਮ ਕਮਿਸ਼ਨ ਏਜੰਟਸ (ਟੀ.
ਕੋਟਕਪੂਰਾ, 17 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਨਵੀਂ ਦਾਣਾ ਮੰਡੀ ’ਚ ਕੋਟਕਪੂਰਾ ਦੇ ਇਕ ਆੜ੍ਹਤੀਏ ਵਿਰੁੱਧ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਨੇ ਰੋਸ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ’ਚ ਦੋਸ਼ ਲਗਾਇਆ ਕਿ ਤੋਤਾ ਰਾਮ ਕਮਿਸ਼ਨ ਏਜੰਟਸ (ਟੀ.ਆਰ. ਐਗਰੋ) ਇੰਡਸਟਰੀਜ ਵਾਲਿਆਂ ਨੇ ਕੋਟਕਪੂਰਾ, ਫ਼ਰੀਦਕੋਟ, ਮੰਡੀ ਬਰੀਵਾਲਾ ਅਤੇ ਹੋਰ ਇਲਾਕਿਆਂ ਦੇ ਆੜ੍ਹਤੀਆਂ ਦਾ ਲਗਪਗ 55 ਕਰੋੜ ਰੁਪਿਆ ਰੋਕ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਬਾਸਮਤੀ ਦੇ ਪੈਸੇ ਅਤੇ ਇਕ ਨੰਬਰ ਵਿਚ ਲਈ ਗਈ ਰਕਮ ਵਾਪਸ ਨਾ ਮਿਲਣ ਕਰਕੇ ਉਹ ਪਿਛਲੇ ਡੇਢ ਸਾਲ ਤੋਂ ਪ੍ਰੇਸ਼ਾਨ ਹਨ, ਜਿਸ ਕਰਕੇ ਉਨ੍ਹਾਂ ਨੂੰ ਇਸ ਮਜਬੂਰਨ ਇਸ ਫ਼ਰਮ ਮੂਹਰੇ ਰੋਸ ਧਰਨਾ ਲਾਉਣਾ ਪਿਆ। ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਉਮੇਸ਼ ਗਰਗ, ਜਨਰਲ ਸਕੱਤਰ ਮਹਿੰਦਰਪਾਲ ਸਿੰਘ ਲੱਕੀ, ਸਾਬਕਾ ਪ੍ਰਧਾਨ ਕ੍ਰਿਸ਼ਨ ਗੋਇਲ ਅਤੇ ਬਰਜਿੰਦਰ ਕੁਮਾਰ ਬੰਟੀ ਗਰਗ ਪ੍ਰਧਾਨ ਫ਼ਰੀਦਕੋਟ ਸਮੇਤ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਰੋਜ਼ਾਨਾ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਇਹ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਜੇਕਰ ਫਿਰ ਵੀ ਸਾਡੀ ਰਕਮ ਵਾਪਸ ਨਾ ਮਿਲੀ ਤਾਂ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵਾਂਗੇ। ਉਨ੍ਹਾਂ ਕਿਹਾ ਕਿ ਫ਼ਰਮ ਕੋਲ ਜਾਇਦਾਦ ਅਤੇ ਸਰਮਾਏ ਦੀ ਕੋਈ ਕਮੀ ਨਹੀਂ, ਉਕਤ ਫ਼ਰਮ ਦੇ ਸਾਰੇ ਕੰਮ ਪਹਿਲਾਂ ਦੀ ਤਰ੍ਹਾਂ ਹੋ ਰਹੇ ਹਨ। ਜਦ ਕਿ ਬਕਾਇਆ ਰਕਮ ਦੀ ਉਡੀਕ ਕਰਨ ਵਾਲੇ ਆੜ੍ਹਤੀਏ ਖ਼ਰੀਦੇ ਮਾਲ ਦਾ ਭੁਗਤਾਨ ਕਰਨ ਲਈ ਆਪੋ ਆਪਣੀਆਂ ਜਾਇਦਾਦਾਂ ਵੇਚਣ ਜਾਂ ਕਰਜਾ ਚੁੱਕਣ ਲਈ ਮਜਬੂਰ ਹਨ। ਸੰਪਰਕ ਕੀਤੇ ਜਾਣ ’ਤੇ ਟੀ.ਆਰ.ਐਗਰੋ ਇੰਡਸਟਰੀਜ ਦੇ ਮਾਲਕ ਸ਼ਾਮ ਲਾਲ ਗੋਇਲ ਨੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਮੇਰੇ ਪ੍ਰਤੀ ਕੋਈ ਗਿਲ਼ਾ ਹੈ ਜਾਂ ਕਿਸੇ ਪ੍ਰਕਾਰ ਦਾ ਵਿਵਾਦ ਹੈ ਤਾਂ ਉਹ ਅਦਾਲਤ ਵਿਚ ਜਾ ਸਕਦੇ ਹਨ, ਪਰ ਮੈਨੂੰ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਤੋਂ ਧਮਕੀਆਂ ਦਿਵਾਈਆਂ ਜਾ ਰਹੀਆਂ ਹਨ, ਜਿਸ ਦੀ ਮੈਂ ਪ੍ਰਵਾਹ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਜੇਕਰ ਮੈਂ ਕਿਸੇ ਆੜ੍ਹਤੀਏ ਦਾ ਕਰਜ਼ਾ ਦੇਣਾ ਹੈ ਤਾਂ ਉਹ ਅਦਾਲਤ ’ਚ ਮੇਰੇ ਵਿਰੁੱਧ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਪਰ ਇਸ ਤਰ੍ਹਾਂ ਰੋਸ ਧਰਨਾ ਨਹੀਂ ਸੀ ਲਾਉਣਾ ਚਾਹੀਦਾ।