19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਿੰਡ ਖੁੰਡੇ ਹਲਾਲ ’ਚ ਬਜ਼ੁਰਗ ਦੀ ਮ੍ਰਿਤਕ ਦੇਹ ਨੂੰ ਘਰ ’ਚ ਦਫ਼ਨਾਇਆ ਪ੍ਰਸ਼ਾਸਨ ਪਾਸੋਂ ਨਹੀਂ ਲਈ ਮੰਨਜ਼ੂਰੀ

ਸ੍ਰੀ ਮੁਕਤਸਰ ਸਾਹਿਬ, 18 ਅਗਸਤ (ਹਰਮਹਿੰਦਰਪਾਲ)-ਲਾਗਲੇ ਪਿੰਡ ਖੁੰਡੇ ਹਲਾਲ ਵਿਖੇ ਮ੍ਰਿਤਕ ਦੇਹ ਨੂੰ ਉਸ ਦੇ ਵਾਰਸਾਂ ਵਲੋਂ ਛੋਟੇ ਜਿਹੇ ਘਰ ਵਿਚ ਦਫਨਾਉਣ ਦਾ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਪਰਿਵਾਰ ਵਲੋਂ ਨਾ ਤਾਂ ਪ੍ਰਸ਼ਾਸਨ ਨੂੰ ਕੋਈ ਸੂਚਨਾ ਦਿੱਤੀ ਹੈ ਅਤੇ ਨਾ ਹੀ ਪ੍ਰਸ਼ਾਸਨ ਵਲੋਂ ਕੋਈ ਮੰਨਜ਼ੂਰੀ ਦਿੱਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 19-08-2026
ਸ੍ਰੀ ਮੁਕਤਸਰ ਸਾਹਿਬ, 18 ਅਗਸਤ (ਹਰਮਹਿੰਦਰਪਾਲ)-ਲਾਗਲੇ ਪਿੰਡ ਖੁੰਡੇ ਹਲਾਲ ਵਿਖੇ ਮ੍ਰਿਤਕ ਦੇਹ ਨੂੰ ਉਸ ਦੇ ਵਾਰਸਾਂ ਵਲੋਂ ਛੋਟੇ ਜਿਹੇ ਘਰ ਵਿਚ ਦਫਨਾਉਣ ਦਾ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਪਰਿਵਾਰ ਵਲੋਂ ਨਾ ਤਾਂ ਪ੍ਰਸ਼ਾਸਨ ਨੂੰ ਕੋਈ ਸੂਚਨਾ ਦਿੱਤੀ ਹੈ ਅਤੇ ਨਾ ਹੀ ਪ੍ਰਸ਼ਾਸਨ ਵਲੋਂ ਕੋਈ ਮੰਨਜ਼ੂਰੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ (75) ਦੀ ਬਿਮਾਰੀ ਕਾਰਨ ਘਰ ਵਿਚ ਮੌਤ ਹੋ ਗਈ ਸੀ। ਮੌਤ ਉਪਰੰਤ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਘਰ ਵਿਚ ਦਫਨਾਉਣ ਲਈ ਜ਼ਮੀਨ ਪੁੱਟਣੀ ਸ਼ੁਰੂ ਕਰ ਦਿੱਤੀ। ਮਾਮਲਾ ਲੋਕਾਂ ਦੇ ਧਿਆਨ ਵਿਚ ਆਉਣ ’ਤੇ ਜਦੋਂ ਪਰਿਵਾਰ ਪਾਸੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਨੇ ਇੱਛਾ ਜਾਹਿਰ ਕੀਤੀ ਸੀ ਕਿ ਉਸ ਦੀ ਮ੍ਰਿਤਕ ਦੇਹ ਨੂੰ ਘਰ ਹੀ ਦਫਨਾਇਆ ਜਾਵੇ ਅਤੇ ਇਥੇ ਹੀ ਉਸ ਦੀ ਸਮਾਧੀ ਬਣਾਈ ਜਾਵੇ। ਉਹ ਕਿਸੇ ਵਿਸ਼ੇਸ਼ ਧਰਮ ਦੀ ਪੂਜਾ ਕਰਦਾ ਸੀ। ਪਿੰਡ ਦੇ ਕੁਝ ਲੋਕਾਂ ਨੇ ਇਸ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਇਹ ਨਿਯਮਾਂ ਦੇ ਉਲਟ ਹੈ। ਇਸ ਨਾਲ ਸਿਹਤ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਣਗੀਆਂ। ਇਸ ’ਤੇ ਪਿੰਡ ਦੇ ਮੋਹਤਬਰ ਲੋਕਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਹੰਸ ਰਾਜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਅਤੇ ਕਾਕਾ ਸਿੰਘ ਹੋਰਾਂ ਦੇ ਧਿਆਨ ਵਿਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਪਰਿਵਾਰ ਨੂੰ ਸਮਝਾਇਆ ਕਿ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣਾ ਬਹੁਤ ਜ਼ਰੂਰੀ ਹੈ। 112 ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਇਸ ਦੌਰਾਨ ਮ੍ਰਿਤਕ ਦੇ ਪੁੱਤਰ ਜੋਤ ਸਿੰਘ, ਧੀਆਂ ਖੇਮਪਾਲ ਕੌਰ, ਜਗਸੀਰ ਕੌਰ ਅਤੇ ਇੰਦਰ ਕੌਰ, ਨੂੰਹਾਂ ਅਮਨਦੀਪ ਕੌਰ, ਜਸਵੀਰ ਕੌਰ, ਜਵਾਈ ਇੰਦਰ ਸਿੰਘ ਅਤੇ ਸੁਭਾਸ਼ ਸਿੰਘ ਹੋਰਾਂ ਨੇ ਮ੍ਰਿਤਕ ਦੇਹ ਨੂੰ ਦਫਨਾਉਣ ਲਈ ਸਹਿਮਤੀ ਪੱਤਰ ਦਿੰਦਿਆਂ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ। ਇਸ ਮੌਕੇ ਬਲਵੰਤ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ ਅਤੇ ਜੀਤਾ ਸਿੰਘ ਹੋਰੀਂ ਵੀ ਮੌਜੂਦ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਦੇਹ ਨੂੰ ਘਰ ਵਿਚ ਦਫਨਾ ਦਿੱਤਾ ਗਿਆ। ਇਸ ਮੌਕੇ ਕੋਈ ਸਰਕਾਰੀ ਅਧਿਕਾਰੀ ਉਥੇ ਮੌਜੂਦ ਨਹੀਂ ਸੀ। ਪ੍ਰਸ਼ਾਸਨ ਨੇ ਮੰਨਜ਼ੂਰੀ ਨਹੀਂ ਦਿੱਤੀ-ਐਸ.ਡੀ.ਐਮ ਇਸ ਮੌਕੇ ਐਸ.ਡੀ.ਐਮ ਗੁਰਕਿਰਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਸਬੰਧਿਤ ਪਰਿਵਾਰ ਨੇ ਉਨ੍ਹਾਂ ਪਾਸੋਂ ਮੰਨਜ਼ੂਰੀ ਨਹੀਂ ਮੰਗੀ ਅਤੇ ਨਾ ਹੀ ਪ੍ਰਸ਼ਾਸਨ ਨੇ ਮੰਨਜ਼ੂਰੀ ਦਿੱਤੀ ਹੈ। ਕਿਸੇ ਵਲੋਂ ਕੋਈ ਇਤਰਾਜ ਵੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅੱਜ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਹ ਵੱਖਰਾ ਮਾਮਲਾ ਹੈ। ਇਸ ਸਬੰਧੀ ਪ੍ਰਸ਼ਾਸਨ ਨੂੰ ਇਤਲਾਹ ਦੇਣੀ ਜ਼ਰੂਰੀ ਹੈ। ਜਿਵੇਂ ਹੀ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਪੁਲਿਸ ਥਾਣਾ ਲੱਖੇਵਾਲੀ ਦੀ ਡਿਊਟੀ ਲਾ ਦਿੱਤੀ ਸੀ ਇਸ ਘਟਨਾ ਨਾਲ ਸਬੰਧਿਤ ਸਾਰੇ ਪੱਖ ਵਾਚ ਲਏ ਜਾਣ। ਜੋ ਰਿਪੋਰਟ ਆਵੇਗੀ ਉਸ ਮੁਤਾਬਿਕ ਕਾਰਵਾਈ ਕਰਾਂਗੇ। ਕੀ ਕਹਿੰਦੇ ਨੇ ਨਿਯਮ ਸਥਾਨਕ ਪ੍ਰਸ਼ਾਸਨ ਅਤੇ ਪੰਚਾਇਤ ਦੀ ਮਨਜ਼ੂਰੀ : ਭਾਰਤੀ ਕਾਨੂੰਨਾਂ (ਜਿਵੇਂ ਕਿ ਮਿਊਂਸਪਲ/ਪੰਚਾਇਤੀ ਨਿਯਮ) ਅਨੁਸਾਰ ਆਮ ਤੌਰ ’ਤੇ ਮ੍ਰਿਤਕ ਦੇਹਾਂ ਦੇ ਨਿਪਟਾਰੇ ਲਈ ਨਿਰਧਾਰਿਤ ਥਾਵਾਂ (ਸ਼ਮਸ਼ਾਨਘਾਟ/ਕਬਰਸਤਾਨ) ਬਣੀਆਂ ਹੁੰਦੀਆਂ ਹਨ। ਜੇਕਰ ਆਪਣੀ ਨਿੱਜੀ ਜ਼ਮੀਨ ਜਾਂ ਖੇਤ ਵਿਚ ਅਜਿਹਾ ਕਰਨਾ ਚਾਹੁੰਦੇ ਹੋ, ਤਾਂ ਸਥਾਨਕ ਗ੍ਰਾਮ ਪੰਚਾਇਤ ਜਾਂ ਡਿਪਟੀ ਕਮਿਸ਼ਨਰ/ਐਸ.ਡੀ.ਐਮ. ਦਫ਼ਤਰ ਤੋਂ ਲਿਖਤੀ ਮਨਜ਼ੂਰੀ ਜਾਂ ਨੋ-ਓਬਜੈਕਸ਼ਨ ਲੈਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਵਾਤਾਵਰਨ ਜਾਂ ਜਨਤਕ ਸਿਹਤ ਦੇ ਨਿਯਮਾਂ ਦੀ ਉਲੰਘਣਾ ਨਾ ਹੋਵੇ। ਗੁਆਂਢੀਆਂ ਜਾਂ ਪਿੰਡ ਦਾ ਇਤਰਾਜ਼- ਸੁਪਰੀਮ ਕੋਰਟ ਦੇ ਫ਼ੈਸਲਿਆਂ ਅਨੁਸਾਰ, ਨਿੱਜੀ ਜ਼ਮੀਨ ਵਿਚ ਵੀ ਦਫਨਾਉਣ ਦਾ ਕੋਈ ਅਸੀਮਤ ਅਧਿਕਾਰ ਨਹੀਂ ਹੈ। ਜੇਕਰ ਆਸ-ਪਾਸ ਦੇ ਲੋਕਾਂ ਜਾਂ ਪਿੰਡ ਵਾਸੀਆਂ ਨੂੰ ਜਨਤਕ ਸਿਹਤ, ਪੀਣ ਵਾਲੇ ਪਾਣੀ ਦੇ ਸਰੋਤਾਂ (ਜਿਵੇਂ ਖੂਹ/ਬੋਰਵੈੱਲ) ਦੇ ਖਰਾਬ ਹੋਣ ਦਾ ਖਦਸ਼ਾ ਹੋਵੇ, ਤਾਂ ਉਹ ਕਾਨੂੰਨੀ ਇਤਰਾਜ਼ ਜਤਾ ਸਕਦੇ ਹਨ। ਜ਼ਮੀਨ ਦੇ ਰਿਕਾਰਡ ਵਿਚ ਬਦਲਾਅ-ਜੇਕਰ ਖੇਤ ਵਿਚ ਸਮਾਧੀ ਬਣਾ ਦਿੱਤੀ ਜਾਂਦੀ ਹੈ, ਤਾਂ ਭਵਿੱਖ ਵਿਚ ਉਸ ਜ਼ਮੀਨ ਨੂੰ ਵੇਚਣ, ਤਕਸੀਮ ਕਰਨ ਜਾਂ ਬੈਂਕ ਤੋਂ ਲੋਨ ਲੈਣ ਸਮੇਂ ਕਾਨੂੰਨੀ ਉਲਝਣਾਂ ਆ ਸਕਦੀਆਂ ਹਨ, ਕਿਉਂਕਿ ਸਮਾਧੀ ਵਾਲੀ ਜਗ੍ਹਾ ਧਾਰਮਿਕ/ਯਾਦਗਾਰੀ ਮੰਨੀ ਜਾਣ ਲੱਗਦੀ ਹੈ।
Ad Position 22
No active advertisement
ਪਿਛਲੀ ਖ਼ਬਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਸਫ਼ਲਤਾ ਹਾਸਿਲ ਕਰੇਗੀ-ਰਾਜਾ ਵੜਿੰਗ ਅਗਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਵਲੋਂ ਆੜ੍ਹਤ ਦੀ ਇਕ ਫ਼ਰਮ ਅੱਗੇ ਲਗਾਇਆ ਰੋਸ ਧਰਨਾ ਦੂਜੇ ਦਿਨ ਵੀ ਜਾਰੀ
Ad Position 24