ਕਲੱਸਟਰ ਪੱਧਰੀ ਵਾਤਾਵਰਨ ਸਿੱਖਿਆ ਪ੍ਰੋਗਰਾਮ ਵਰਕਸ਼ਾਪ ਸਫ਼ਲਤਾ ਨਾਲ ਸੰਪੰਨ
ਛੇ ਜ਼ਿਲ੍ਹਿਆਂ ਦੇ 150 ਈਕੋ ਕਲੱਬ ਇੰਚਾਰਜਾਂ ਨੇ ਕੀਤੀ ਸ਼ਮੂਲੀਅਤ
ਫ਼ਰੀਦਕੋਟ, 27 ਸਤੰਬਰ (ਜਸਵੰਤ ਸਿੰਘ ਪੁਰਬਾ)-ਵਾਤਾਵਰਨ ਸੰਭਾਲ, ਟਿਕਾਊ ਵਿਕਾਸ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਫ਼ਰੀਦਕੋਟ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਕਲੱਸਟਰ ਪੱਧਰੀ ਓਰੀਐਂਟੇਸਨ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਅੰਦਰ ਪੰਜਾਬ ਦੇ ਛੇ ਜ਼ਿਲ੍ਹਿਆਂ ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਜਲੰਧਰ ਅਤੇ ਕਪੂਰਥਲਾ ਤੋਂ 150 ਈਕੋ ਕਲੱਬ ਇੰਚਾਰਜਾਂ ਨੇ ਭਾਗ ਲਿਆ।
ਫ਼ਰੀਦਕੋਟ, 27 ਸਤੰਬਰ (ਜਸਵੰਤ ਸਿੰਘ ਪੁਰਬਾ)-ਵਾਤਾਵਰਨ ਸੰਭਾਲ, ਟਿਕਾਊ ਵਿਕਾਸ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਫ਼ਰੀਦਕੋਟ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਕਲੱਸਟਰ ਪੱਧਰੀ ਓਰੀਐਂਟੇਸਨ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਅੰਦਰ ਪੰਜਾਬ ਦੇ ਛੇ ਜ਼ਿਲ੍ਹਿਆਂ ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਜਲੰਧਰ ਅਤੇ ਕਪੂਰਥਲਾ ਤੋਂ 150 ਈਕੋ ਕਲੱਬ ਇੰਚਾਰਜਾਂ ਨੇ ਭਾਗ ਲਿਆ। ਇਸ ਦੌਰਾਨ ਅਧਿਆਪਕਾਂ ਨੇ ਵਾਤਾਵਰਨ ਨਾਲ ਜੁੜੇ ਮੁੱਦਿਆਂ, ਟਿਕਾਊ ਜੀਵਨ-ਜਾਂਚ ਅਤੇ ਸੰਭਾਲ ਦੀਆਂ ਨਵੀਆਂ ਪਹੁੰਚਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਵਰਕਸ਼ਾਪ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਜੁਆਇੰਟ ਡਾਇਰੈਕਟਰ ਡਾ. ਕੇ.ਐਸ ਬਾਠ ਅਤੇ ਪ੍ਰੋਜੈਕਟ ਸਾਇੰਟਿਸਟ ਡਾ. ਮੰਦਾਕਿਨੀ ਠਾਕੁਰ ਦੀ ਅਗਵਾਈ ਅਤੇ ਸਹਿਯੋਗ ਹੇਠ ਕਰਵਾਈ ਗਈ। ਜ਼ਿਲ੍ਹਾ ਫ਼ਰੀਦਕੋਟ ਵਲੋਂ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਗਈ। ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਫ਼ਰੀਦਕੋਟ ਅੰਜਨਾ ਕੌਸ਼ਲ ਨੇ ਸ਼ਾਮਿਲ ਹੋਏ ਅਧਿਆਪਕਾਂ, ਅਧਿਕਾਰੀਆਂ, ਕੋਆਰਡੀਨੇਟਰਾਂ ਅਤੇ ਸਰੋਤ ਵਿਅਕਤੀਆਂ ਦਾ ਸਵਾਗਤ ਕੀਤਾ। ਵਰਕਸ਼ਾਪ ’ਚ ਮੁੱਖ ਮਹਿਮਾਨ ਵਜੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜਿੰਦਰ ਕੁਮਾਰ ਬਾਂਸਲ ਸ਼ਾਮਿਲ ਹੋਏ। ਉਨ੍ਹਾਂ ਕਿਹਾ ਵਾਤਾਵਰਨ ਸਿੱਖਿਆ ਅੱਜ ਦੇ ਸਮੇਂ ਦਾ ਬਹੁਤ ਮਹੱਤਵਪੂਰਨ ਵਿਸ਼ਾ ਹੈ। ਸਾਨੂੰ ਇਸ ਨੂੰ ਗੰਭੀਰਤਾ ਨਾਲ ਸਮਝਣ ਤੇ ਅਮਲ ਲਿਆਉਣ ਦੀ ਲੋੜ ਹੈ। ਉਨ੍ਹਾਂ ‘ਪਲੀਊਸ਼ਨ ਅਤੇ ਹੈਲਥ’ ਕਿਤਾਬ ਸਭ ਨੂੰ ਪੜ੍ਹਨ ਲਈ ਉਤਸ਼ਾਹਿਤ ਕੀਤਾ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਰਜਿਸਟਰਾਰ, ਡਾ. ਗਰੀਸ਼ ਸਾਹਨੀ ਤੇ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਮੈਡੀਕਲ ਸੁਪਰਡੈਂਟ ਡਾ. ਅਮਰਬੀਰ ਸਿੰਘ ਬੋਪਰਾਏ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਵਾਤਾਵਰਨ ਸ਼ੰਦੇਸ ਨਾਲ ਵਰਕਸ਼ਾਪ ਦੀ ਸ਼ੁਰੂਆਤ ਵਾਤਾਵਰਨ-ਕੇਂਦਰਿਤ ਸੱਭਿਆਚਾਰਕ ਪੇਸ਼ਕਾਰੀ ਨਾਲ ਹੋਈ। ਐਸ.ਐਸ.ਬੀ.ਐਸ.ਖਾਲਸਾ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਵਲੋਂ ਅਧਿਆਪਕ ਸਨੀ ਆਹੂਜਾ ਦੀ ਅਗਵਾਈ ਹੇਠ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦੀ ਵਿਸ਼ੇਸ਼ ਗਿੱਧਾ ਪੇਸ਼ਕਾਰੀ ਕੀਤੀ ਗਈ। ਵਿਦਿਆਰਥੀ ਆਕਾਸ਼ ਵਲੋਂ ਕਵੀਸ਼ਰੀ ਪੇਸ਼ਕਾਰੀ ਰਾਹੀਂ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਵਰਕਸ਼ਾਪ ਦੇ ਤਕਨੀਕੀ ਸ਼ੈਸ਼ਨਾਂ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫ਼ਰੀਦਕੋਟ ਦੇ ਜੇ.ਈ. ਜਗਸੀਰ ਸਿੰਘ ਨੇ ‘ਸਰੋਤਾਂ, ਅਤੇ ਟਿਕਾਊ ਜੀਵਨ-ਸ਼ੈਲੀ ਰਾਹੀਂ ਮਿਸ਼ਨ ਲਾਈਫ਼ ਨੂੰ ਅਪਣਾਉਣਾ’ ਵਿਸ਼ੇ ’ਤੇ ਸੰਬੋਧਨ ਕਰਦਿਆਂ ਕੁਦਰਤੀ ਸਰੋਤਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਅਤੇ ਰੋਜ਼ਾਨਾ ਜੀਵਨ ਅੰਦਰ ਟਿਕਾਊ ਆਦਤਾਂ ਅਪਣਾਉਣ ਦੀ ਮਹੱਤਤਾ ਉਜਾਗਰ ਕੀਤੀ। ਨੇਚਰ ਐਜੂਕੇਟਰ ਅਤੇ ਵਾਈਲਡ ਲਾਈਫ ਕੰਜਰਵੇਸਨਿਸਟ ਮਾਣਿਕ ਕਪੂਰ ਨੇ ਸੱਪਾਂ, ਉਨ੍ਹਾਂ ਦੀ ਵਾਤਾਵਰਨਕ ਮਹੱਤਤਾ ਅਤੇ ਸੱਪਾਂ ਨਾਲ ਸੁਰੱਖਿਅਤ ਵਿਹਾਰ ਸਬੰਧੀ ਜਾਣਕਾਰੀ ਭਰਪੂਰ ਤੇ ਸੰਵਾਦਾਤਮਕ ਸ਼ੈਸ਼ਨ ਕਰਵਾਇਆ। ਕੇਸੂ ਫਾਊਂਡੇਸ਼ਨ, ਪਟਿਆਲਾ ਦੇ ਡਾ. ਰਜਨੀਸ਼ ਵਰਮਾ ਨੇ ‘ਸਾਡੇ ਦੇਸੀ ਰੁੱਖ ਟਿਕਾਊ ਪੰਜਾਬ ਦੀਆਂ ਜੜ੍ਹਾਂ ’ ਵਿਸ਼ੇ ’ਤੇ ਵਿਚਾਰ ਸਾਂਝੇ ਕਰਦਿਆਂ ਪੰਜਾਬ ਦੇ ਮੂਲ ਰੁੱਖਾਂ ਦੀ ਵਾਤਾਵਰਨਕ ਮਹੱਤਤਾ ਅਤੇ ਟਿਕਾਊ ਤੇ ਮਜ਼ਬੂਤ ਪੰਜਾਬ ਦੀ ਸਿਰਜਣਾ ’ਚ ਉਨ੍ਹਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਵਰਕਸ਼ਾਪ ਦੌਰਾਨ ਵਾਤਾਵਰਨ ਸਿੱਖਿਆ ਨੂੰ ਵਿਹਾਰਕ ਅਤੇ ਰੁਚੀਪੂਰਨ ਬਣਾਉਣ ਲਈ ਵੱਖ-ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਅੰਜਨਾ ਜੈਨ ਵਲੋਂ ਲਗਾਈ ਗਈ ਪ੍ਰਦਰਸ਼ਨੀ ’ਚ ਬੇਕਾਰ ਸਮੱਗਰੀ ਤੋਂ ਉਪਯੋਗੀ ਅਤੇ ਰਚਨਾਤਮਕ ਵਸਤੂਆਂ ਤਿਆਰ ਕਰਨ ਦੀਆਂ ਗਤੀਵਿਧੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਬਲਾਕ ਕੋਆਰਡੀਨੇਟਰ ਅਸੀਮ ਕੁਮਾਰ ਅਤੇ ਗਗਨਦੀਪ ਸਿੰਘ ਵਲੋਂ ਲਗਾਈ ਗਈ ਬਰਡ ਫੋਟੋਗ੍ਰਾਫ਼ੀ ਪ੍ਰਦਰਸ਼ਨੀ ਨੇ ਸਥਾਨਕ ਪੰਛੀ ਜਗਤ ਦੀ ਵਿਭਿੰਨਤਾ ਨੂੰ ਉਜਾਗਰ ਕੀਤਾ ਅਤੇ ਕੁਦਰਤੀ ਜੈਵ-ਵਿਭਿੰਨਤਾ ਨੂੰ ਨੇੜਿਓਂ ਦੇਖਣ ਤੇ ਸਮਝਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਕੋਆਰਡੀਨੇਟਰ ਵਰਿੰਦਰ ਸ਼ਰਮਾ ਵਲੋਂ ਤਿਆਰ ਕੀਤੀ ਵਾਈਲਡਲਾਈਫ ਫੋਟੋਗ੍ਰਾਫ਼ੀ ਪ੍ਰਦਰਸ਼ਨੀ ਵਿਚ ਜੰਗਲੀ ਜੀਵ-ਜੰਤੂਆਂ ਦੀ ਵਿਭਿੰਨਤਾ ਅਤੇ ਕੁਦਰਤੀ ਸੁੰਦਰਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਛੇ ਜ਼ਿਲ੍ਹਿਆਂ ਦੀਆਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਟੀਮਾਂ ਨੇ ਨਿਭਾਈ ਸਰਗਰਮ ਭੂਮਿਕਾ -ਵਰਕਸ਼ਾਪ ’ਚ ਸ਼ਾਮਿਲ ਜ਼ਿਲ੍ਹਾ ਵਾਤਾਵਰਨ ਸਿੱਖਿਆ ਪ੍ਰੋਗਰਾਮ ਟੀਮਾਂ ਨੇ ਵੀ ਸਰਗਰਮੀ ਨਾਲ ਯੋਗਦਾਨ ਪਾਇਆ। ਕਪੂਰਥਲਾ ਤੋਂ ਗਗਨਦੀਪ ਸਿੰਘ, ਫ਼ਿਰੋਜ਼ਪੁਰ ਤੋਂ ਉਮੇਸ਼ ਕੁਮਾਰ, ਫਾਜ਼ਲਿਕਾ ਤੋਂ ਵਿਜੈ ਪਾਲ ਅਤੇ ਮੋਗਾ ਤੋਂ ਦੀਪਕ ਸ਼ਰਮਾ, ਪਿ੍ਰੰਸੀਪਲ ਅਮਨਦੀਪ ਸਿੰਘ, ਬੀ.ਐਨ.ਓ ਫ਼ਰੀਦਕੋਟ-1, ਭਰਪੂਰ ਸਿੰਘ, ਬੀ.ਪੀ.ਈ.ਓ ਅਤੇ ਸ਼ੁਸ਼ੀਲ ਆਹੂਜਾ, ਬੀ.ਪੀ.ਈ.ਓ ਸਮੇਤ ਵੱਖ-ਵੱਖ ਅਧਿਕਾਰੀਆਂ ਅਤੇ ਕੋਆਰਡੀਨੇਟਰਾਂ ਨੇ ਵੀ ਵਰਕਸ਼ਾਪ ’ਚ ਭਾਗ ਲਿਆ। ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਨੇ ਕੀਤਾ। ਛੇ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ ’ਚ ਅਧਿਆਪਕਾਂ ਦੀ ਸ਼ਮੂਲੀਅਤ, ਮਾਹਿਰਾਂ ਦੇ ਤਕਨੀਕੀ ਸ਼ੈਸ਼ਨਾਂ, ਸੱਭਿਆਚਾਰਕ ਪੇਸ਼ਕਾਰੀਆਂ, ਪ੍ਰਦਰਸ਼ਨੀਆਂ, ਵਿਚਾਰ-ਵਟਾਂਦਰੇ ਅਤੇ ਵਿਹਾਰਕ ਸਿੱਖਿਆ ਦੇ ਸੁਮੇਲ ਨਾਲ ਫ਼ਰੀਦਕੋਟ ਵਿਖੇ ਕਰਵਾਈ ਇਹ ਵਰਕਸ਼ਾਪ ਅਧਿਆਪਕਾਂ ਨੂੰ ਵਾਤਾਵਰਨਕ ਚੁਣੌਤੀਆਂ ਦੀ ਬਿਹਤਰ ਸਮਝ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਟਿਕਾਊ ਜੀਵਨ-ਜਾਂਚ ਦੇ ਦੂਤ ਵਜੋਂ ਆਪਣੀ ਭੂਮਿਕਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਇਕ ਸਾਰਥਕ ਮੰਚ ਪ੍ਰਦਾਨ ਕਰਨ ਵਿਚ ਸਫ਼ਲ ਰਹੀ।