ਫਰੀਦਕੋਟ ਨਕਲ ਕਾਂਡ ਦੀ ਜਾਂਚ ਮੁਕੰਮਲ ਕਰਨ ’ਚ ਫਰੀਦਕੋਟ ਪੁਲਿਸ ਅਸਫ਼ਲ
ਫਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫਰੀਦ ਯੂਨੀਵਰਸਿਟੀ ਵਲੋਂ ਇਸੇ ਸਾਲ ਹੀ ਜੁਲਾਈ ’ਚ ਲਏ ਗਏ ਫਾਰਮੇਸੀ ਅਫਸਰ ਦੇ ਇਮਤਿਹਾਨ ’ਚ ਕਥਿਤ ਤੌਰ ’ਤੇ ਆਨਲਾਈਨ ਨਕਲ ਵੱਜਣ ਦੇ ਮਾਮਲੇ ਦੀ ਪੜਤਾਲ ਫਰੀਦਕੋਟ ਪੁਲਿਸ 70 ਦਿਨਾਂ ਬਾਅਦ ਵੀ ਮੁਕੰਮਲ ਨਹੀਂ ਕਰ ਸਕੀ। ਪੁਲਿਸ ਵਲੋਂ ਹੁਣ ਤੱਕ ਅਦਾਲਤ ’ਚ ਪੇਸ਼ ਕੀਤੇ ਗਏ ਰਿਕਾਰਡ ਤੋਂ ਇਹ ਗੱਲ ਸਾਬਤ ਹੋਈ ਹੈ ਕਿ ਪੁਲਿਸ ਨੇ ਅਜੇ ਤੱਕ ਨਕਲ ਮਾਰਨ ਵਾਲੇ ਗਰੋਹ ਵਲੋਂ ਵਿਦਿਆਰਥੀਆਂ ਕੋਲੋਂ ਵਸੂਲੇ ਗਏ ਲੱਖਾਂ ਰੁਪਏ ਬਰਾਮਦ ਨਹੀਂ ਕੀਤੇ ਗਏ ਅਤੇ ਨਾ ਹੀ ਗਰੋਹ ਵਲੋਂ ਹਾਸਿਲ ਕੀਤੇ ਸਕਿਊਰਿਟੀ ਚੈੱਕ ਪੁਲਿਸ ਨੂੰ ਮਿਲੇ ਹਨ।
ਫਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫਰੀਦ ਯੂਨੀਵਰਸਿਟੀ ਵਲੋਂ ਇਸੇ ਸਾਲ ਹੀ ਜੁਲਾਈ ’ਚ ਲਏ ਗਏ ਫਾਰਮੇਸੀ ਅਫਸਰ ਦੇ ਇਮਤਿਹਾਨ ’ਚ ਕਥਿਤ ਤੌਰ ’ਤੇ ਆਨਲਾਈਨ ਨਕਲ ਵੱਜਣ ਦੇ ਮਾਮਲੇ ਦੀ ਪੜਤਾਲ ਫਰੀਦਕੋਟ ਪੁਲਿਸ 70 ਦਿਨਾਂ ਬਾਅਦ ਵੀ ਮੁਕੰਮਲ ਨਹੀਂ ਕਰ ਸਕੀ। ਪੁਲਿਸ ਵਲੋਂ ਹੁਣ ਤੱਕ ਅਦਾਲਤ ’ਚ ਪੇਸ਼ ਕੀਤੇ ਗਏ ਰਿਕਾਰਡ ਤੋਂ ਇਹ ਗੱਲ ਸਾਬਤ ਹੋਈ ਹੈ ਕਿ ਪੁਲਿਸ ਨੇ ਅਜੇ ਤੱਕ ਨਕਲ ਮਾਰਨ ਵਾਲੇ ਗਰੋਹ ਵਲੋਂ ਵਿਦਿਆਰਥੀਆਂ ਕੋਲੋਂ ਵਸੂਲੇ ਗਏ ਲੱਖਾਂ ਰੁਪਏ ਬਰਾਮਦ ਨਹੀਂ ਕੀਤੇ ਗਏ ਅਤੇ ਨਾ ਹੀ ਗਰੋਹ ਵਲੋਂ ਹਾਸਿਲ ਕੀਤੇ ਸਕਿਊਰਿਟੀ ਚੈੱਕ ਪੁਲਿਸ ਨੂੰ ਮਿਲੇ ਹਨ। ਪੁਲਿਸ ਦੀ ਪੜਤਾਲ ਵਿਵਾਦਾਂ ਵਿਚ ਘਿਰੀ ਹੋਈ ਹੈ, ਇਸ ਕਰਕੇ ਪੀੜਤਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿੱਟ ਦਾਇਰ ਕਰਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ’ਚ ਸੀ.ਬੀ.ਆਈ. ਤੋਂ ਜਵਾਬ ਮੰਗਿਆ ਹੈ ਜਿਸ ਦੀ ਸੁਣਵਾਈ ਅਗਲੇ ਹਫਤੇ ਹੋਣ ਦੀ ਸੰਭਾਵਨਾ ਹੈ। ਫਰੀਦਕੋਟ ਪੁਲਿਸ ਵਲੋਂ ਨਕਲ ਕਾਂਡ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਜਸਕਰਨ ਸਿੰਘ, ਰਿੰਕੂ ਸਿੰਘ, ਗੁਰਪਿੰਦਰ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ, ਸਤਨਾਮ ਸਿੰਘ, ਗੌਰਵ ਚੌਹਾਨ, ਕੁਲਵਿੰਦਰ ਸਿੰਘ, ਲਵਪ੍ਰੀਤ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ, ਸੂਰਜ ਸਿੰਘ ਅਤੇ ਜਸਬੀਰ ਸਿੰਘ ਨੂੰ ਅਦਾਲਤ ’ਚੋਂ ਜਮਾਨਤ ਮਿਲ ਚੁੱਕੀ ਹੈ। ਇਲਾਕਾ ਮੈਜਿਸਟਰੇਟ ਇਸ ਮਾਮਲੇ ਦੀ ਪੜਤਾਲ ਮੁਕੰਮਲ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਪਰੰਤੂ ਪੁਲਿਸ ਹਾਲ ਦੀ ਘੜੀ ਇਸ ਬਾਰੇ ਕੁਝ ਵੀ ਨਹੀਂ ਬੋਲ ਰਹੀ। ਪੀੜਤਾਂ ਨੇ ਹਾਈਕੋਰਟ ਵਿੱਚ ਰਿਟ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਫਾਰਮੇਸੀ ਦਾ ਇਮਤਿਹਾਨ ਲਾਈਵ ਲੀਕ ਹੋਇਆ ਹੈ ਅਤੇ ਨਕਲ ਮਾਰਨ ਲਈ ਵਰਤੇ ਗਏ ਸਾਰੇ ਜੰਤਰ ਪੁਲਿਸ ਨੇ ਜਾਣ ਬੁੱਝ ਕੇ ਬਰਾਮਦ ਨਹੀਂ ਕੀਤੇ। ਫਾਰਮੇਸੀ ਦਾ ਪੇਪਰ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ 70 ਦਿਨਾਂ ਬਾਅਦ ਵੀ ਇਸ ਦਾ ਨਤੀਜਾ ਨਹੀਂ ਐਲਾਨਿਆ ਗਿਆ। ਇਸ ਕਰਕੇ 4000 ਤੋਂ ਵੱਧ ਨੌਜਵਾਨਾਂ ਦਾ ਭਵਿੱਖ ਦਾਅ ਉੱਪਰ ਲੱਗਾ ਹੋਇਆ ਹੈ। ਜਦੋਂ ਕਿ ਆਮ ਤੌਰ ’ਤੇ ਯੂਨੀਵਰਸਿਟੀ ਅਜਿਹੇ ਇਮਤਿਹਾਨ ਦਾ ਰਿਜਲਟ ਪੇਪਰ ਤੋਂ 24 ਘੰਟਿਆਂ ਬਾਅਦ ਐਲਾਨ ਦਿੰਦੀ ਹੈ। ਇਸ ਨਕਲ ਕਾਂਡ ’ਚ ਅੱਠ ਵਿਦਿਆਰਥੀ ਫਿਰੋਜ਼ਪੁਰ ਪੁਲਿਸ ਵਲੋਂ ਵੀ ਫੜੇ ਗਏ ਹਨ। ਪ੍ਰੰਤੂ ਫਿਰੋਜ਼ਪੁਰ ਅਤੇ ਫਰੀਦਕੋਟ ਦੀ ਤਫਤੀਸ਼ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਪੁਲਿਸ ਨੇ ਪੜਤਾਲ ਵਿੱਚ ਲਾਈਵ ਪੇਪਰ ਲੀਕ ਹੋਣ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਛੁਪਾ ਲਿਆ ਹੈ, ਜਿਸ ਕਰਕੇ ਵਿਦਿਆਰਥੀਆਂ ਨੂੰ ਹਾਈਕੋਰਟ ਦਾ ਰੁਖ ਕਰਨਾ ਪਿਆ ਹੈ। ਵਿਦਿਆਰਥੀ ਆਗੂ ਹਰਵੀਰ ਕੌਰ ਨੇ ਕਿਹਾ ਕਿ ਫਰੀਦਕੋਟ ਪੁਲਿਸ ਫਾਰਮੇਸੀ ਦਾ ਪੇਪਰ ਲੀਕ ਕਰਨ ਵਾਲੇ ਗਰੋਹ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ, ਜਿਸ ਖਿਲਾਫ ਉਹ ਜ਼ਿਲ੍ਹਾ ਪੁਲਿਸ ਮੁਖੀ ਦੇ ਦਫਤਰ ਸਾਹਮ ਣੇ ਰੋਸ ਧਰਨਾ ਦੇਣਗੇ। ਡੀ.ਐਸ.ਪੀ. ਤਰਲੋਚਨ ਸਿੰਘ ਜੋ ਇਸ ਪੜਤਾਲ ਦੇ ਨੋਡਲ ਅਫਸਰ ਵੀ ਹਨ, ਨੇ ਸੰਪਰਕ ਕਰਨ ‘ਤੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਪ੍ਰੰਤੂ ਹੁਣ ਤੱਕ ਵਿਦਿਆਰਥੀਆਂ ਤੋਂ ਵਸੂਲੇ ਗਏ ਲੱਖਾਂ ਰੁਪਏ, ਸਕਿਊਰਿਟੀ ਚੈੱਕ ਅਤੇ ਲਾਈਵ ਪੇਪਰ ਲੀਕ ਕਰਨ ਲਈ ਵਰਤੇ ਗਏ ਜੰਤਰ ਕਿਉਂ ਨਹੀਂ ਬਰਾਮਦ ਕੀਤੇ ਗਏ, ਇਨ੍ਹਾਂ ਬਾਰੇ ਉਨ੍ਹਾਂ ਕੋਈ ਵੀ ਟਿੱਪਣੀ ਨਹੀਂ ਕੀਤੀ।