‘ਸਵੱਛਤਾ ਹੀ ਸੇਵਾ’ ਤਹਿਤ ਸਫ਼ਾਈ ਅਤੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ
ਕੋਟਕਪੂਰਾ, 30 ਸਤੰਬਰ (ਮੋਹਰ ਸਿੰਘ ਗਿੱਲ)-ਡੀ. ਏ.
ਕੋਟਕਪੂਰਾ, 30 ਸਤੰਬਰ (ਮੋਹਰ ਸਿੰਘ ਗਿੱਲ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਲੋਂ ਵਿਦਿਆਰਥੀਆਂ ਵਿਚ ਸਵੱਛਤਾ, ਸਫ਼ਾਈ, ਕੂੜੇ ਦੇ ਸੁਚੱਜੇ ਪ੍ਰਬੰਧਨ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਲਈ ‘ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ’ ਦੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ‘ ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਵੱਖ-ਵੱਖ ਜਾਗਰੂਕਤਾ ਅਤੇ ਵਿਹਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਸਾਇੰਸ ਦੇ ਅਧਿਆਪਕ ਤੀਰਥ ਸਿੰਘ ਗਿੱਲ ਦੀ ਦੇਖ-ਰੇਖ ਹੇਠ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਦੇ ਦਰਜਾਚਾਰ ਕਰਮਚਾਰੀਆਂ ਨਾਲ ਮਿਲ ਕੇ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਇਸ ਦੇ ਆਲੇ-ਦੁਆਲੇ ਸਫ਼ਾਈ ਮੁਹਿੰਮ ਚਲਾਈ। ਵਿਦਿਆਰਥੀਆਂ ਨੇ ਜਨਤਕ ਥਾਵਾਂ ਨੂੰ ਸਾਫ਼-ਸੁਥਰਾ ਰੱਖਣ, ਸਮੂਹਿਕ ਜ਼ਿੰਮੇਵਾਰੀ ਨਿਭਾਉਣ ਅਤੇ ਭਾਈਚਾਰਕ ਸਹਿਯੋਗ ਦੀ ਮਹੱਤਤਾ ਨੂੰ ਸਮਝਿਆ। ਸਾਇੰਸ ਅਧਿਆਪਕ ਸੁਖਜੀਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਰਸੋਈ ਦੇ ਜੈਵਿਕ ਕੂੜੇ ਅਤੇ ਬਗੀਚੇ ਵਿਚੋਂ ਇਕੱਠੇ ਹੋਏ ਪੱਤਿਆਂ ਦੀ ਮੱਦਦ ਨਾਲ ਜੈਵਿਕ ਖਾਦ (ਕੰਪੋਸਟ) ਤਿਆਰ ਕਰਨ ਦੀ ਵਿਹਾਰਕ ਜਾਣਕਾਰੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦਿੱਤੀ ਗਈ। ਇਸੇ ਲੜੀ ਤਹਿਤ ਕੋਆਰਡੀਨੇਟਰ ਹਰਿੰਦਰ ਕੌਰ ਦੀ ਅਗਵਾਈ ਵਿਚ ਕਿੰਡਰਗਾਰਟਨ ਵਿਭਾਗ ਵਲੋਂ ਛੋਟੇ ਬੱਚਿਆਂ ਲਈ ਹੱਥ ਧੋਣ ਸਬੰਧੀ ਵਿਸ਼ੇਸ਼ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਬੱਚਿਆਂ ਨੂੰ ਹੱਥ ਧੋਣ ਦਾ ਸਹੀ ਤਰੀਕਾ ਦੱਸਣ ਦੇ ਨਾਲ-ਨਾਲ ਕੀਟਾਣੂਆਂ ਅਤੇ ਆਮ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਵਿਚ ਹੱਥਾਂ ਦੀ ਸਫ਼ਾਈ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਆਰਟ ਐਂਡ ਕਰਾਫਟ ਦੇ ਨੀਲਮ ਚੌਹਾਨ ਨੇ ਵਿਦਿਆਰਥੀਆਂ ਤੋਂ ਈ-ਵੇਸਟ ਮਟੀਰੀਅਲ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਵਰਤਣਯੋਗ ਵਸਤੂਆਂ ਤਿਆਰ ਕਰਵਾਈਆਂ। ਸਕੂਲ ਦੇ ਕਾਰਜਕਾਰੀ ਪਿ੍ਰੰਸੀਪਲ ਸੁਮਨ ਪੁਰੀ ਨੇ ਮੁਹਿੰਮ ਵਿਚ ਉਤਸ਼ਾਹ ਨਾਲ ਭਾਗ ਲੈਣ ਵਾਲੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਦੀ ਸ਼ਲਾਘਾ ਕੀਤੀ। ਜ਼ਿਲ੍ਹੇ ਦੇ ਨੋਡਲ ਅਫ਼ਸਰ ਮਨਿੰਦਰ ਕੌਰ ਦਾ ਸਮੇਂ-ਸਮੇਂ ’ਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ।