• ਪ੍ਰੇਮ ਸਿੰਘ ਸਫ਼ਰੀ ਹਾਲੇ ਤੱਕ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ: ਬੱਬੂ ਬਰਾੜ
• ਸੂਬਾਈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਸ਼ਮੂਲੀਅਤ 'ਤੇ ਪ੍ਰਗਟਾਈ ਅਗਿਆਨਤਾ
ਫ਼ਰੀਦਕੋਟ, 1 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਕਾਂਗਰਸ 'ਚ ਧੜੇਬੰਦੀ ਤਾਂ ਅਕਸਰ ਹੀ ਵੇਖਣ ਨੂੰ ਮਿਲ ਰਹੀ ਸੀ ਪਰ ਹੁਣ ਇਹ ਧੜੇਬੰਦੀ ਜ਼ਿਲ੍ਹਾ ਪੱਧਰ 'ਤੇ ਵੀ ਵੇਖਣ ਨੂੰ ਮਿਲ ਰਹੀ ਹੈ | ਤਾਜ਼ਾ ਮਾਮਲਾ ਫ਼ਰੀਦਕੋਟ ਜ਼ਿਲ੍ਹੇ ਦਾ ਹੈ, ਜਿੱਥੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਅਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਿਚਕਾਰ ਧੜੇਬੰਦੀ ਜੱਗ ਜ਼ਾਹਿਰ ਹੋਈ ਹੈ | ਦਰਅਸਲ ਇਹ ਧੜੇਬੰਦੀ ਉਦੋਂ ਜੱਗ ਜ਼ਾਹਿਰ ਹੋਈ ਜਦ ਫ਼ਰੀਦਕੋਟ ਜ਼ਿਲ੍ਹੇ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਵਲੋਂ ਪ੍ਰੈਸ ਕਲੱਬ ਫ਼ਰੀਦਕੋਟ ਵਿਖੇ ਇਕ ਪ੍ਰੈਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਗਿਆ ਕਿ ਸਾਬਕਾ ਵਿਧਾਇਕ ਵਲੋਂ ਕਾਂਗਰਸ ਪਾਰਟੀ 'ਚ ਇਕ ਸ਼ਾਮਿਲ ਕਰਵਾਏ ਗਏ ਭਾਜਪਾ ਦੇ ਦਲਿਤ ਆਗੂ ਪ੍ਰੇਮ ਸਿੰਘ ਸਫ਼ਰੀ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹਨ | ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਸਫ਼ਰੀ ਨੇ ਅੱਜ ਤੱਕ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਹੀ ਨਹੀਂ ਲਈ ਤਾਂ ਉਹ ਕਾਂਗਰਸ ਪਾਰਟੀ ਦਾ ਹਿੱਸਾ ਕਿਵੇਂ ਹੋ ਸਕਦੇ ਹਨ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਦੋਂ ਪ੍ਰੇਮ ਸਿੰਘ ਸਫ਼ਰੀ ਕਾਂਗਰਸ ਪਾਰਟੀ ਦਾ ਵਿਧਾਨ ਮੁਤਾਬਿਕ ਹਾਲੇ ਮੈਂਬਰ ਹੀ ਨਹੀਂ ਤਾਂ ਫਿਰ ਉਹ ਵਿਧਾਨ ਸਭਾ ਦੀ ਟਿਕਟ ਲਈ ਦਾਅਵੇਦਾਰ ਕਿਵੇਂ ਹੋ ਸਕਦਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਿਧਾਂਤਾਂ 'ਤੇ ਚੱਲਣ ਵਾਲੀ ਪਾਰਟੀ ਹੈ, ਜੇਕਰ ਕੋਈ ਸੱਜਣ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਪਾਰਟੀ ਵਿਚ ਸ਼ਮੂਲੀਅਤ ਕਰਦਾ ਹੈ ਤਾਂ ਉਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਲੈਣੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪ੍ਰੇਮ ਸਿੰਘ ਸਫ਼ਰੀ ਮੈਂਬਰਸ਼ਿਪ ਲਈ ਅਪਲਾਈ ਕਰਦਾ ਹੈ ਤਾਂ ਉਸਨੂੰ ਮੈਂਬਰਸ਼ਿਪ ਦਿੱਤੀ ਜਾਵੇਗੀ | ਇੱਥੇ ਜ਼ਿਕਰਯੋਗ ਹੈ ਕਿ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਲੋਂ ਬੀਤੇ ਦਿਨੀਂ ਭਾਜਪਾ ਆਗੂ ਪ੍ਰੇਮ ਸਿੰਘ ਸਫ਼ਰੀ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੋਂ ਸਿਰੋਪਾਓ ਦਿਵਾ ਕੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰਵਾਈ ਗਈ ਸੀ | ਇਸੇ ਸਬੰਧੀ ਸਾਬਕਾ ਵਿਧਾਇਕ ਵਲੋਂ ਇਕ ਸਮਾਗਮ ਵੀ ਆਪਣੇ ਫ਼ਰੀਦਕੋਟ ਸਥਿਤ ਰਿਹਾਇਸ਼ 'ਤੇ ਕਰਵਾਇਆ ਗਿਆ ਸੀ ਜਿਸ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਪਹੁੰਚੇ ਸਨ ਪਰ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਇਸ ਸਮਾਗਮ ਦਾ ਹਿੱਸਾ ਨਹੀਂ ਬਣੇ ਸਨ | ਹੁਣ ਨਵਦੀਪ ਸਿੰਘ ਬੱਬੂ ਬਰਾੜ ਵਲੋਂ ਪ੍ਰੈਸ ਕਾਨਫਰੰਸ ਕਰਕੇ ਪ੍ਰੇਮ ਸਿੰਘ ਸਫ਼ਰੀ ਨੂੰ ਕਾਂਗਰਸ ਪਾਰਟੀ ਦਾ ਹਿੱਸਾ ਨਾ ਹੋਣ ਬਾਰੇ ਗੱਲ ਕਹੀ ਗਈ ਹੈ | ਇਸ ਸਬੰਧੀ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਉਕਤ ਆਗੂ ਦੀ ਸ਼ਮੂਲੀਅਤ 'ਤੇ ਕਿਸੇ ਪ੍ਰਕਾਰ ਦੀ ਜਾਣਕਾਰੀ ਨਾ ਹੋਣ ਬਾਰੇ ਗੱਲ ਆਖੀ |
ਫ਼ਰੀਦਕੋਟ ਜ਼ਿਲ੍ਹੇ 'ਚ ਕਾਂਗਰਸ ਪਾਰਟੀ 'ਚ ਗੁਟਬੰਦੀ ਆਈ ਸਾਹਮਣੇ
ਅਜੀਤ ਡੈਸਕ
02-01-2026