31 ਜਨਵਰੀ ਤੱਕ ਮਨਾਇਆ ਜਾਵੇਗਾ ਸੜਕ ਸੁਰੱਖਿਆ ਮਹੀਨਾ
ਅਜੀਤ ਡੈਸਕ
02-01-2026
ਸ੍ਰੀ ਮੁਕਤਸਰ ਸਾਹਿਬ, 1 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸੜਕ ਸੁਰੱਖਿਆ ਨੂੰ ਲੈ ਕੇ ਕੰਮ ਕਰ ਰਹੀ ਨੈਸ਼ਨਲ ਐਵਾਰਡੀ ਸੰਸਥਾ ਮੁਕਤੀਸਰ ਵੈੱਲਫੇਅਰ ਕਲੱਬ 1 ਤੋਂ ਲੈ ਕੇ 31 ਜਨਵਰੀ ਤੱਕ ਵੱਡੇ ਪੱਧਰ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ ਸੁਰੱਖਿਆ ਜਾਗਰੂਕਤਾ ਮਹੀਨਾ ਮਨਾਇਆ ਜਾਵੇਗਾ | ਇਸ ਸੰਬੰਧੀ ਅੱਜ ਆਰ.ਟੀ.ਓ. ਕਮ ਐੱਸ.ਡੀ.ਐੱਮ. ਬਲਜੀਤ ਕੌਰ ਅਤੇ ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਵਲੋਂ ਬੇਸਹਾਰਾ ਪਸ਼ੂਆਂ ਦੇ ਗਲਾਂ ਵਿਚ ਪਾਈਆਂ ਜਾਣ ਵਾਲੀਆਂ ਰੇਡੀਅਮ ਬੈਲਟਾਂ ਜਾਰੀ ਕੀਤੀਆਂ ਗਈਆਂ | ਪ੍ਰਧਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਇਸ ਮਹੀਨੇ ਦੌਰਾਨ ਸੰਸਥਾ ਵਲੋਂ ਵੱਡੇ ਪੱਧਰ 'ਤੇ ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ ਡਰਾਈਵਰਾਂ ਲਈ ਲਗਾਇਆ ਜਾਵੇਗਾ | ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਸਾਈਕਲ ਰੈਲੀਆਂ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਸੜਕ ਸੁਰੱਖਿਆ ਸੰਬੰਧੀ ਸੰਦੇਸ਼ ਦਿੱਤਾ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਦਿਹਾੜੀ ਕਰਕੇ ਪਿੰਡਾਂ ਨੂੰ ਵਾਪਸ ਜਾਣ ਵਾਲੇ ਮਜ਼ਦੂਰਾਂ ਨੂੰ ਰੇਡੀਅਮ ਜੈਕਟਾਂ ਵੰਡੀਆਂ ਜਾਣਗੀਆਂ, ਤਾਂ ਜੋ ਉਹ ਵੱਡੇ ਵਾਹਨਾਂ ਦੀ ਲਪੇਟ ਤੋਂ ਦੂਰ ਰਹਿ ਸਕਣ | ਇਸ ਦੌਰਾਨ ਉਨ੍ਹਾਂ ਕਿਹਾ ਕਿ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਇਸ ਮਹੀਨੇ ਦੌਰਾਨ 100 ਤੋਂ ਵੱਧ ਫਸਟ ਏਡ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੂਲਾਂ ਵਿਚ ਇਸ ਮਹੀਨੇ ਦੌਰਾਨ ਨੁੱਕੜ ਨਾਟਕ, ਸਹੁੰ ਚੁੱਕ ਸਮਾਗਮ ਅਤੇ ਕੁਇਜ ਮੁਕਾਬਲੇ ਬੱਚਿਆਂ ਦੇ ਕਰਵਾਏ ਜਾਣਗੇ ਅਤੇ ਸਕੂਲੀ ਬੱਚਿਆਂ ਦੀਆਂ ਰੋਡ ਸੇਫ਼ਟੀ ਸੰਬੰਧੀ ਜਾਗਰੂਕਤਾ ਰੈਲੀਆਂ ਕੱਢੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਮਾਘੀ ਮੇਲੇ ਦੌਰਾਨ ਵੱਡੇ ਪੱਧਰ 'ਤੇ ਸੜਕ ਸੁਰੱਖਿਆ ਜਾਗਰੂਕਤਾ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਇਹ ਸਾਰੇ ਪ੍ਰੋਗਰਾਮ ਪੰਜਾਬ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਤੇ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਕੀਤੇ ਜਾਣਗੇ | ਮਾਘੀ ਮੇਲੇ ਮੌਕੇ ਆਉਣ ਵਾਲੇ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ ਜਾਣਗੇ | ਐੱਸ.ਡੀ.ਐੱਮ. ਬਲਜੀਤ ਕੌਰ ਨੇ ਕਿਹਾ ਕਿ ਕਲੱਬ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਕਲੱਬ ਦਾ ਹਰੇਕ ਸਮੇਂ ਇਸ ਸੜਕ ਸੁਰੱਖਿਆ ਮਹੀਨੇ ਦੌਰਾਨ ਪੂਰਾ ਸਹਿਯੋਗ ਕਰੇਗਾ | ਇਸ ਮੌਕੇ ਡਾ. ਵਿਜੇ ਬਜਾਜ, ਦੀਪਾਂਸੂ ਕੁਮਾਰ ਆਦਿ ਹਾਜ਼ਰ ਸਨ |