ਸਾਂਝੀ ਤਾਲਮੇਲ ਕਮੇਟੀ ਨੇ ਡੀ.ਸੀ. ਦਫ਼ਤਰ ਫ਼ਰੀਦਕੋਟ ਵਿਖੇ ਕੀਤਾ ਰੋਸ ਪ੍ਰਦਰਸ਼ਨ ਦਫ਼ਤਰੀ ਕਾਮਿਆਂ ਵਲੋਂ ਕੀਤੀ ਗਈ ਕਲਮ ਛੋੜ ਹੜਤਾਲ
ਫ਼ਰੀਦਕੋਟ, 8 ਸਤੰਬਰ (ਸਰਬਜੀਤ ਸਿੰਘ)-ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਤਾਲਮੇਲ ਨਾਲ ਬਣੀ ਸਾਂਝੀ ਤਾਲਮੇਲ ਕਮੇਟੀ ਜ਼ਿਲ੍ਹਾ ਫ਼ਰੀਦਕੋਟ ਵਲੋਂ ਭਗਵੰਤ ਸਿੰਘ ਮਾਨ ਸਰਕਾਰ ਵਿਰੁੱਧ ਅੱਜ ਡੀ. ਸੀ.
ਫ਼ਰੀਦਕੋਟ, 8 ਸਤੰਬਰ (ਸਰਬਜੀਤ ਸਿੰਘ)-ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਤਾਲਮੇਲ ਨਾਲ ਬਣੀ ਸਾਂਝੀ ਤਾਲਮੇਲ ਕਮੇਟੀ ਜ਼ਿਲ੍ਹਾ ਫ਼ਰੀਦਕੋਟ ਵਲੋਂ ਭਗਵੰਤ ਸਿੰਘ ਮਾਨ ਸਰਕਾਰ ਵਿਰੁੱਧ ਅੱਜ ਡੀ.ਸੀ. ਦਫ਼ਤਰ ਫ਼ਰੀਦਕੋਟ ਵਿਖੇ ਰੋਸ ਪ੍ਰਦਰਸਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਾਂਝੀ ਤਾਲਮੇਲ ਕਮੇਟੀ ਪੰਜਾਬ ਨਾਲ ਗੱਲਬਾਤ ਤੋਂ ਭੱਜਣ, ਕਮੇਟੀ ਦੇ ਆਗੂਆਂ ਦੀਆਂ ਬਦਲੀਆਂ ਕਰਨ ਅਤੇ ਨਾਲ ਹੀ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਨ ਵਿਰੁੱਧ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਲਰਾਂ ਵਲੋਂ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਮੌਕੇ ਮੁਲਾਜ਼ਮਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਬਿਕਰਮਜੀਤ ਸਿੰਘ ਢਿੱਲੋ ਜ਼ਿਲ੍ਹਾ ਪ੍ਰਧਾਨ, ਅਮਰੀਕ ਸਿੰਘ ਸੰਧੂ, ਜਤਿੰਦਰ ਕੁਮਾਰ, ਡੀ.ਟੀ.ਐੱਫ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਹਰਪ੍ਰੀਤ ਸਿੰਘ ਸਰਾਂ ਪਾਵਰਕਾਮ ਨੇ ਪੰਜਾਬ ਸਰਕਾਰ ਨੂੰ ਸਪੱਸ਼ਟ ਤੌਰ ’ਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਅਜਿਹਾ ਗੈਰ ਲੋਕਤੰਤਰੀ ਅਤੇ ਅੜੀਅਲ ਵਤੀਰਾ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਅੰਦੋਲਨ ਨੂੰ ਠੱਲ ਪਾਉਣ ਦੀ ਬਜਾਏ ਬਲਦੀ ’ਤੇ ਹੋਰ ਤੇਲ ਪਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਕਰ ਮਾੜੀ ਮੋਟੀ ਵੀ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦੀ ਸਮਝ ਰੱਖਦੇ ਹਨ ਤਾਂ ਤੁਰੰਤ ਟੇਬਲ ’ਤੇ ਬੈਠ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਮਕ ਅਵਸਥਾ ਵਿਚ ਪਏ ਸਾਰੇ ਮਸਲੇ ਹੱਲ ਕਰਨ ਕਿਉਂਕਿ ਅੱਜ ਤੱਕ ਦਾ ਇਤਿਹਾਸ ਰਿਹਾ ਹੈ ਕਿ ਲੋਕ ਨੇ ਸਦਾ ਜਿੱਤ ਪ੍ਰਾਪਤ ਕੀਤੀ ਹੈ ਤੇ ਸਰਕਾਰਾਂ ਦੀ ਹਮੇਸ਼ਾਂ ਹਾਰ ਹੋਈ ਹੈ। ਆਗੂਆਂ ਨੇ ਕਿਹਾ ਕਿ ਸਾਂਝੀ ਤਾਲਮੇਲ ਕਮੇਟੀ ਵਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮਾਂ ਨੂੰ ਜ਼ਿਲ੍ਹਾ ਫ਼ਰੀਦਕੋਟ ਵਿਚ ਲਾਗੂ ਕਰਨ ਲਈ ਤਿਆਰੀਆਂ ਕਰਨ ਵਾਸਤੇ ਇਕ ਮੀਟਿੰਗ 10 ਸਤੰਬਰ ਦਿਨ ਵੀਰਵਾਰ ਨੂੰ ਪੈਨਸ਼ਨਰ ਭਵਨ ਫ਼ਰੀਦਕੋਟ ਵਿਖੇ ਰੱਖੀ ਗਈ ਹੈ। ਆਗੂਆਂ ਨੇ 12 ਸਤੰਬਰ ਨੂੰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੇ ਬਾਹਰ ਹੋ ਰਹੇ ਵੱਡੇ ਧਰਨੇ ਵਿਚ ਸਮੂਹ ਮੁਲਾਜ਼ਮਾਂ ਨੂੰ ਵੱਡੇ ਪੱਧਰ ’ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਇੰਦਰਜੀਤ ਸਿੰਘ ਖੀਵਾ, ਸਿਮਰਜੀਤ ਸਿੰਘ ਬਰਾੜ, ਗਗਨ ਪਾਹਵਾ, ਵੀਰਇੰਦਰਜੀਤ ਸਿੰਘ ਪੁਰੀ, ਸੁਖਮੰਦਰ ਸਿੰਘ ਗਿੱਲ, ਨਰਿੰਦਰ ਸਿੰਘ, ਬਲਜੀਤ ਕੌਰ ਹੈਲਥ ਡਿਪਾਰਟਮੈਂਟ, ਚੰਦ ਸਿੰਘ ਡੋਡ, ਕੁਲਵੰਤ ਸਿੰਘ ਚਾਨੀ, ਕਮਲਜੀਤ ਕੌਰ, ਕਿ੍ਰਸ਼ਨ ਲਾਲ, ਬਲਕਾਰ ਸਿੰਘ ਸਹੋਤਾ, ਪ੍ਰੀਤ ਭਗਵਾਨ, ਗੁਰਮੀਤ ਕੌਰ, ਰਵੀਇੰਦਰ ਸਿੰਘ ਘਾਲੀ, ਪ੍ਰਦੀਪ ਸਿੰਘ, ਅਜਾਇਬ ਸਿੰਘ ਬਲਾਕ ਪ੍ਰਧਾਨ ਡੀ.ਟੀ.ਐੱਫ, ਗੁਰਸੇਵਕ ਸਿੰਘ ਅਤੇ ਬਖਸ਼ੀਸ਼ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।