ਗਿੱਦੜਬਾਹਾ, 6 ਮਾਰਚ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ ਡਵੀਜ਼ਨ ਦੇ ਪਿੰਡ ਥਰਾਜਵਾਲਾ ਕੋਲੋਂ ਲੰਘਦੀਆਂ 2 ਜੁੜਵੀਆਂ ਨਹਿਰਾਂ 'ਤੇ ਥਰਾਜਵਾਲਾ-ਫਕਰਸਰ ਤੇ ਥਰਾਜਵਾਲਾ-ਧੌਲਾ ਕਿੰਗਰਾ ਸੜਕੀ ਰਸਤਿਆਂ 'ਤੇ ਬਣੇ ਨਵੇਂ ਪੁਲ ਦੀਆਂ ਢਲਾਨਾਂ ਦੀ ਸਹੀ ਬਣਤਰ ਨਾ ਬਣਾਏ ਜਾਣ ਕਾਰਨ ਨਾਲ ਲੱਗਦੇ ਪਿੰਡਾਂ ਤੇ ਆਮ ਰਾਹਗੀਰਾਂ ਲਈ ਮੁਸੀਬਤ ਬਣੀ ਹੋਈ ਹੈ | ਵਿਭਾਗ ਦੇ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਉਨ੍ਹਾਂ ਦੇ ਕੰਨ 'ਤੇ ਜੰੂਅ ਨਹੀਂ ਸਰਕ ਰਹੀ | ਜ਼ਿਕਰਯੋਗ ਹੈ ਕਿ ਥਰਾਜਵਾਲਾ ਪਿੰਡ ਕੋਲੋਂ ਦੋ ਜੁੜਵੀਆਂ ਨਹਿਰਾਂ ਨੂੰ ਕੁਝ ਸਮਾਂ ਪਹਿਲਾਂ ਨਵਿਆਇਆ ਗਿਆ ਸੀ, ਜਿਸ ਕਰਕੇ ਨਹਿਰਾਂ 'ਤੇ ਬਣੇ ਪੁਰਾਣੇ ਪੁਲਾਂ ਦੀ ਜਗ੍ਹਾ 'ਤੇ ਹੀ ਨਵੇਂ ਪੁਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ | ਪਿੰਡ ਥਰਾਜਵਾਲਾ-ਧੌਲਾ ਕਿੰਗਰਾ ਤੇ ਥਰਾਜਵਾਲਾ-ਫਕਰਸਰ ਨੂੰ ਜਾਂਦੀਆਂ ਦੋ ਵੱਖ-ਵੱਖ ਸੜਕਾਂ 'ਤੇ ਬਣੇ ਪੁਲਾਂ ਨੂੰ ਪੁਰਾਣੇ ਪੁਲਾਂ ਨਾਲੋਂ 4 ਤੋਂ 5 ਫ਼ੁੱਟ ਉੱਚਾ ਚੁੱਕ ਕੇ ਬਣਾਇਆ ਗਿਆ ਹੈ | ਹਲਕੇ ਭਰ ਵਿਚ ਲੰਬਾ ਸਮਾਂ ਸੇਮ ਦੇ ਪ੍ਰਕੋਪ ਕਾਰਨ ਪੁਲਾਂ ਦੀਆਂ ਢਲਾਨਾਂ ਪਹਿਲਾਂ ਹੀ ਨੀਵੀਂਆਂ ਹੋ ਗਈਆਂ ਸਨ ਤੇ ਤਾਜ਼ਾ ਬਣੇ ਪੁਲ ਉੱਚੇ ਬਣੇ ਹੋਣ ਕਰਕੇ ਢਲਾਨਾਂ ਦਾ ਤਕਨੀਕੀ ਪੱਧਰ ਸਹੀ ਬਣਾਉਣੀ ਲਾਜ਼ਮੀ ਸੀ | ਪਰ ਦੁੱਖ ਦੀ ਗੱਲ ਇਹ ਹੈ ਕਿ ਪੁਲਾਂ ਦਾ ਨਿਰਮਾਣ ਤਾਂ ਕਰ ਦਿੱਤਾ ਗਿਆ, ਪਰ ਢਲਾਨਾਂ ਨੂੰ ਸਹੀ ਨਹੀਂ ਕੀਤਾ ਜਾ ਰਿਹਾ | ਗੁਰਜੀਤ ਸਿੰਘ ਸਮਾਜੀ, ਗੁਰਸ਼ਰਨ ਸਿੰਘ, ਗੁਰਜੀਤ ਸਿੰਘ ਸਾਬਕਾ ਸੰਮਤੀ ਮੈਂਬਰ, ਕੁਲਦੀਪ ਸਿੰਘ ਸਿੱਧੂ, ਕੁਲਵਿੰਦਰ ਸਿੰਘ ਸਵਾਗ ਆਦਿ ਆਗੂਆਂ ਨੇ ਕਿਹਾ ਕਿ ਨਵੇਂ ਬਣੇ ਪੁਲ ਜ਼ਿਆਦਾ ਉੱਚੇ ਬਣੇ ਹਨ ਤੇ ਇਨ੍ਹਾਂ ਦੀ ਢਲਾਨ ਤਕਨੀਕੀ ਤੌਰ 'ਤੇ ਸਹੀ ਨਾ ਹੋਣ ਵੱਡੇ ਵਾਹਨ ਦਾ ਜ਼ਿਆਦਾ ਭਾਰ ਲੈ ਕੇ ਪੁਲ 'ਤੇ ਚੜ੍ਹਨਾ ਮੁਸ਼ਕਿਲ ਹੀ ਨਹੀਂ, ਸਗੋਂ ਖ਼ਤਰੇ ਤੋਂ ਵੀ ਖ਼ਾਲੀ ਨਹੀਂ ਹੋਵੇਗਾ ਤੇ ਕਿਸੇ ਹੀ ਹਾਲਤ ਵਿਚ ਚੜ੍ਹਾਈ ਚੜ੍ਹ ਨਹੀਂ ਸਕਣਗੇ | ਅੱਗੇ ਕਣਕ ਦੀ ਕਟਾਈ ਦਾ ਸੀਜ਼ਨ ਨੇੜੇ ਹੈ ਤੇ ਕਣਕ ਦੀਆਂ ਭਰੀਆਂ ਟਰੈਕਟਰ-ਟਰਾਲੀਆਂ ਲੈ ਕੇ ਚੜ੍ਹਾਈ ਚੜ੍ਹ ਨਹੀਂ ਸਕਣਗੀਆਂ | ਥਾਰਾਜਵਾਲਾ-ਫਕਰਸਰ ਪੁਲ ਦੀਆਂ ਢਲਾਨਾਂ ਦਾ ਤਾਂ ਹੋਰ ਵੀ ਬਦਤਰ ਹਾਲ ਹੈ, ਕਿਉਂਕਿ ਢਲਾਨਾਂ ਦੇ ਦੋਵੇਂ ਪਾਸਿਆਂ ਤੋਂ ਡੂੰਘੇ ਟੋਏ ਪਏ ਹਨ ਤੇ ਕਿਸੇ ਵੇਲੇ ਵੀ ਭਿਆਨਕ ਸੜਕੀ ਹਾਦਸਾ ਵਾਪਰ ਸਕਦਾ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਵਿਭਾਗ ਨੂੰ ਚਾਹੀਦਾ ਹੈ ਕਿ ਜਲਦ ਹੀ ਉਕਤ ਪੁਲਾਂ ਦੀਆਂ ਢਲਾਨਾਂ ਨੂੰ ਤਕਨੀਕੀ ਢੰਗ ਨਾਲ ਠੀਕ ਕੀਤਾ ਜਾਵੇ | ਐਕਸੀਅਨ ਬਲਵਿੰਦਰ ਕੁਮਾਰ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਦੀ ਸੰਬੰਧਿਤ ਠੇਕੇਦਾਰ ਨਾਲ ਗੱਲਬਾਤ ਹੋ ਗਈ ਹੈ ਤੇ ਜਲਦੀ ਹੀ ਪੁਲਾਂ ਦੇ ਰਸਤੇ ਨੂੰ ਦਰੁਸਤ ਕੀਤਾ ਜਾ ਰਿਹਾ ਹੈ |