ਕੋਟਕਪੂਰਾ, 3 ਅਪ੍ਰੈਲ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਕਰਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿਚ ਪਿੰਡ ਸੰਧਵਾਂ ਨੂੰ ਜਾ ਰਹੇ ਸਨ ਤਾਂ ਅੱਗੇ ਬਾਬਾ ਕੇਰ ਸੰਧਵਾਂ ਦੀ ਜਗ੍ਹਾ ਵਾਲੀ ਸਾਈਡ ਤੋਂ ਇਕ ਮੋਨਾ ਨੌਜਵਾਨ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ | ਸਹਾਇਕ ਥਾਣੇਦਾਰ ਕਰਤਾਰ ਸਿੰਘ ਨੇ ਉਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਚੈਕ ਕਰਨ ਲਈ ਗੱਡੀ ਰੋਕੀ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਉਕਤ ਵਿਅਕਤੀ ਘਬਰਾ ਕੇ ਆਪਣੇ ਪੈਂਟ ਦੀ ਸੱਜੀ ਜੇਬ ਵਿਚੋਂ ਕੱਢ ਕੇ ਕੋਈ ਚੀਜ਼ ਕਣਕ ਦੀ ਫ਼ਸਲ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ | ਪ੍ਰੰਤੂ ਉਸ ਵਲੋਂ ਸੁੱਟੀ ਹੋਈ ਚੀਜ਼ ਨੇੜੇ ਹੀ ਘਾਹ 'ਤੇ ਡਿੱਗ ਪਈ | ਜਦ ਪੁਲਿਸ ਪਾਰਟੀ ਵਲੋਂ ਉਕਤ ਵਿਅਕਤੀ ਨੂੰ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਹਿਚਾਣ ਬਲਰਾਜ ਸਿੰਘ ਵਾਸੀ ਦਾਨੇਵਾਲਾ ਰੋਡ ਸੰਧਵਾਂ, ਜ਼ਿਲ੍ਹਾ ਫ਼ਰੀਦਕੋਟ ਵਜੋਂ ਕਰਵਾਈ | ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਕੋਲੋਂ 6.29 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਇਸ ਸਬੰਧ 'ਚ ਉਕਤ ਮੁਲਜ਼ਮ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |