ਫ਼ਰੀਦਕੋਟ, 10 ਮਈ (ਸਰਬਜੀਤ ਸਿੰਘ)-ਇਲਾਕੇ ਦੀ ਇਕੋ ਇਕ ਉਦਯੋਗਿਕ ਇਕਾਈ ਜੋ ਕਿ ਕਈ ਸਾਲਾਂ ਤੋਂ ਬੰਦ ਪਈ ਅਤੇ ਬਿਲਕੁਲ ਖੰਡਰ ਬਣੀ ਪਈ ਹੈ, ਹੁਣ ਨਸ਼ੇੜੀਆਂ ਦਾ ਪੱਕਾ ਅੱਡਾ ਬਣਦਾ ਜਾ ਰਹੀ ਹੈ | ਸਿਆਸੀ ਆਗੂਆਂ ਵਲੋਂ ਇਸ ਮਿੱਲ ਨੂੰ ਮੁੜ ਚਲਾਉਣ ਲਈ ਇਲਾਕੇ ਦੋ ਲੋਕਾਂ ਨੂੰ ਭਾਵੇਂ ਬਹੁਤ ਸਬਜ਼ ਬਾਗ ਦਿਖਾਏ ਹਨ, ਪ੍ਰੰਤੂ ਇਸ ਮਿੱਲ ਦਾ ਕੱਖ ਵੀ ਨਹੀਂ ਸੰਵਰਿਆ ਗਿਆ | ਮੌਜੂਦਾ ਵਿਧਾਇਕ ਵਲੋਂ ਵੀ ਪਿਛਲੀ ਸਰਕਾਰ ਵੇਲੇ ਭੁੱਖ ਹੜਤਾਲਾਂ ਦੇ ਅਡੰਬਰ ਰੱਚ ਕੇ ਮਿੱਲ ਨੂੰ ਚਲਾਉਣ ਦੀ ਮੰਗ ਕੀਤੀ ਸੀ, ਪ੍ਰੰਤੂ ਚਾਰ ਸਾਲ ਲੰਘ ਜਾਣ 'ਤੇ ਵੀ ਆਪਣੀ ਸਰਕਾਰ ਵਲੋਂ ਇਸ ਮਿੱਲ ਦਾ ਕੁਝ ਵੀ ਨਹੀਂ ਸੰਵਾਰਿਆ ਗਿਆ | ਹੁਣ ਇੱਥੇ ਨਸ਼ੇੜੀ ਦੂਰ ਦੁਰਾਡਿਉਂ ਆ ਇਥੇ ਲੁੱਕ ਛਿਪ ਕੇ ਨਸ਼ਾ ਕਰਦੇ ਹਨ | ਪੁਲਿਸ ਰੋਜ਼ ਇਸ ਜਗ੍ਹਾ ਤੋਂ ਨਸ਼ੇੜੀਆਂ ਨੂੰ ਫੜ੍ਹਦੀ ਰਹਿੰਦੀ ਹੈ | ਹੁਣ ਫੇਰ ਥਾਣਾ ਸਿਟੀ, ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਬੰਦ ਪਈ ਸ਼ੂਗਰ ਮਿਲ ਵਿਚ ਨਸ਼ਾ ਕਰਦੇ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਚਾਰਾਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕ ਪੁਰਸ਼ਾਂ ਸੰਬੰਧੀ ਕੋਟਕਪੂਰਾ ਰੋਡ 'ਤੇ ਸ਼ੂਗਰ ਮਿੱਲ ਪਾਸ ਨਾਕਾ ਲਾਇਆ ਹੋਇਆ ਸੀ ਤਾਂ ਮੁਖ਼ਬਰ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਸ਼ੂਗਰ ਮਿੱਲ ਵਿਚ ਨਸ਼ਾ ਕਰਦੇ ਚਾਰ ਵਿਅਕਤੀਆਂ ਹਰਮਨ ਸਿੰਘ ਉਰਫ਼ ਬਿੱਲਾ ਪੁੱਤਰ ਕੁਲਵੰਤ ਸਿੰਘ, ਜਗਦੀਪ ਸਿੰਘ ਪੁੱਤਰ ਸਤਨਾਮ ਸਿੰਘ, ਪੱਪੂ ਬਿੰਦ ਪੁੱਤਰ ਰਾਧੇ ਬਿੰਦ ਵਾਸੀਆਨ ਫ਼ਰੀਦਕੋਟ ਅਤੇ ਬਲਜਿੰਦਰ ਸਿੰਘ ਭਾਗ ਸਿੰਘ ਵਾਸੀ ਕੋਟਕਪੂਰਾ ਨੂੰ ਕਥਿਤ ਤੌਰ 'ਤੇ ਨਸ਼ਾ ਕਰਦੇ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਨਸ਼ੇ ਲਈ ਵਰਤੋਂ 'ਚ ਲਿਆਉਣ ਵਾਲੇ ਦੋ ਲਾਈਟਰ, ਦੋ ਪੰਨੀਆਂ ਦੇ ਟੁਕੜੇ, ਜਲੇ ਹੋਏ 10-10 ਦੇ ਨੋਟ ਆਦਿ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ, ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |