ਕਿਸ਼ਨਪੁਰਾ ਕਲਾਂ, 28 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਸੰਗੀਤਕਾਰ ਨਿਰਮਲ ਸਿੰਘ ਸਰਾਂ (ਨਿੰਮਾ ਵਿਰਕ) ਨੂੰ ਪਿੰਡ ਦੁਸਾਂਝ ਵਿਖੇ ਕਰਵਾਏ ਗਏ 13ਵੇਂ ਸਭਿਆਚਾਰਕ ਮੇਲੇ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਬਾਬਾ ਸਾਧੂ ਸਿੰਘ ਸਿੱਖ ਜੀ ਦੇ ਪਵਿੱਤਰ ਸਥਾਨ 'ਤੇ ਕਰਵਾਏ ਗਏ ਇਸ ਮੇਲੇ ਵਿਚ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ, ਕਲਾਕਾਰਾਂ ਅਤੇ ਸੰਗੀਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ | ਨਿੰਮਾ ਵਿਰਕ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਯਾਦਗਾਰ ਧੁਨਾਂ ਦਿੱਤੀਆਂ ਹਨ ਅਤੇ ਕਈ ਨਾਮਵਰ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਨਾਲ ਸਜਾਇਆ ਹੈ | ਉਨ੍ਹਾਂ ਦੀਆਂ ਪੰਜਾਬੀ ਸੰਗੀਤ ਅਤੇ ਸਭਿਆਚਾਰ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਮੇਲਾ ਪ੍ਰਬੰਧਕੀ ਕਮੇਟੀ ਨੇ ਉਨ੍ਹਾਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਿੰਮਾ ਵਿਰਕ ਨੇ ਗ੍ਰਾਮ ਪੰਚਾਇਤ, ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ | ਇਸ ਮੇਲੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਬਾਦਲ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ, ਸਰਪੰਚ ਜਸਵਿੰਦਰ ਸਿੰਘ ਗੋਰਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸਰਪੰਚ ਗੁਰਜੰਟ ਸਿੰਘ ਗਾਇਕ ਰਵਿੰਦਰ ਦੁਸਾਂਝ ਤੇ ਰਹਿਮਤ ਅਲੀ ਸਮੇਤ ਹੋਰ ਕਈ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ |