ਬਠਿੰਡਾ, 28 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਬਠਿੰਡਾ/ਗੰਗਾਨਗਰ ਰੇਲਵੇ ਲਾਈਨ 'ਤੇ ਪਿੰਡ ਬਹਿਮਣ ਦੀਵਾਨਾ ਨੇੜੇ ਇਕ ਵਿਅਕਤੀ ਦੀ ਰੇਲਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ | ਮਿ੍ਤਕ ਦਾ ਸਿਰ ਪੂਰੀ ਤਰ੍ਹਾਂ ਕੁਚਲਿਆ ਗਿਆ ਸੀ | ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਸੰਦੀਪ ਗਿੱਲ, ਗੌਤਮ ਗੋਇਲ ਸਹਾਰਾ ਐਂਬੂਲੈਂਸ ਲੈ ਕੇ ਹਾਦਸੇ ਵਾਲੀ ਥਾਂ 'ਤੇ ਪਹੁੰਚੇ | ਮਿ੍ਤਕ ਦੀ ਲਾਸ਼ ਰੇਲਵੇ ਟਰੈਕ ਦੇ ਨੇੜੇ ਪਈ ਸੀ, ਜਿਸ ਦਾ ਸਿਰ ਕੁਚਲਿਆ ਹੋਇਆ ਸੀ | ਸਹਾਰਾ ਟੀਮ ਨੇ ਜੀ.ਆਰ.ਪੀ. ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ | ਜੀ.ਆਰ.ਪੀ. ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ | ਮਿ੍ਤਕ ਦੀ ਪਹਿਚਾਣ ਘਟਨਾ ਸਥਾਨ ਮੌਕੇ 'ਤੇ ਹੀ ਕੀਤੀ ਗਈ | ਮਿ੍ਤਕ ਦੀ ਪਛਾਣ ਜਗਦੀਪ ਸ਼ਰਮਾ ਪੁੱਤਰ ਕੌਰ ਚੰਦ (45) ਵਾਸੀ ਬਹਿਮਣ ਦੀਵਾਨਾ ਦਾ ਰਹਿਣ ਵਾਲਾ ਵਜੋਂ ਹੋਈ ਹੈ | ਮਿ੍ਤਕ ਕਰਜ਼ੇ ਤੋਂ ਪ੍ਰੇਸ਼ਾਨ ਅਤੇ ਮਾਨਸਿਕ ਤਣਾਅ ਵਿਚ ਰਹਿੰਦਾ ਸੀ | ਮਿ੍ਤਕ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਇਕ ਧੀ ਨੂੰ ਛੱਡ ਗਿਆ ਹੈ | ਸਹਾਰਾ ਟੀਮ ਵਲੋਂ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲਿਜਾਇਆ ਗਿਆ |