ਬਾਘਾ ਪੁਰਾਣਾ, 28 ਮਈ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਵਿਖੇ ਮੁਸਲਿਮ ਭਾਈਚਾਰੇ ਵਲੋਂ ਬਕਰੀਦ (ਈਦ-ਉਲ-ਅਜ਼ਹਾ) ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਇਸ ਮੌਕੇ ਬਾਘਾ ਪੁਰਾਣਾ ਵਿਖੇ ਕੋਟਕਪੂਰਾ ਬਾਈਪਾਸ 'ਤੇ ਸੂਏ ਨੇੜੇ ਸਥਿਤ ਈਦਗਾਹ 'ਚ ਵੱਡੀ ਭਾਰੀ ਗਿਣਤੀ 'ਚ ਮੁਸਲਿਮ ਭਾਈਚਾਰੇ ਵਲੋਂ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਉਂਦੇ ਹੋਏ ਬਕਰੀਦ ਦੀ ਨਮਾਜ਼ ਅਦਾ ਕੀਤੀ ਗਈ | ਨਮਾਜ਼ ਉਪਰੰਤ ਮੌਲਵੀ ਆਬਿਦ ਵਲੋਂ ਸਾਰੀ ਦੁਨੀਆ 'ਚ ਸੁੱਖ ਸ਼ਾਂਤੀ ਅਤੇ ਆਪਸੀ ਮੇਲ-ਮਿਲਾਪ ਨਾਲ ਰਹਿਣ ਦੀ ਸਾਰੀ ਦੁਨੀਆ ਦੇ ਮਾਲਕ ਖ਼ੁਦਾ ਅੱਗੇ ਦੁਆ ਕੀਤੀ ਗਈ | ਇਸ ਮੌਕੇ ਮੁਸਲਿਮ ਫ਼ਰੰਟ ਹਲਕਾ ਬਾਘਾ ਪੁਰਾਣਾ ਦੇ ਚੇਅਰਮੈਨ ਮੁਸ਼ਤਾਕ ਅਲੀ ਚੰਨੂਵਾਲਾ, ਮੁਸਲਿਮ ਫ਼ਰੰਟ ਬਾਘਾ ਪੁਰਾਣਾ ਦੇ ਪ੍ਰਧਾਨ ਮੇਹਰ ਦੀਨ ਰਾਜੇਆਣਾ, ਇਕਬਾਲ ਦੀਨ ਕਾਲੇਕੇ ਸੀਨੀਅਰ ਵਾਈਸ ਪ੍ਰਧਾਨ, ਸੈਕਟਰੀ ਯੂਸਫ਼ ਵੈਰੋਕੇ ਅਤੇ ਹੋਰ ਸਾਥੀਆਂ ਨੇ ਬਕਰੀਦ ਦੀ ਨਮਾਜ਼ ਅਦਾ ਕਰਦੇ ਹੋਏ ਹਲਕੇ ਅੰਦਰ ਸੁੱਖ ਸਾਂਤੀ ਦੀ ਦੁਆ ਕੀਤੀ | ਇਸ ਸਮੇਂ ਈਦਗਾਹ ਕਮੇਟੀ ਪ੍ਰਧਾਨ ਬੀਰਬਲ ਉਰਫ਼ ਭੋਲਾ ਖਾ ਬਾਘਾ ਪੁਰਾਣਾ, ਸਾਦਿਕ ਕਮੇਟੀ ਮੈਂਬਰ, ਅੱਲਾ ਰੱਖਾ ਮੁਸਲਿਮ ਫ਼ਰੰਟ ਬਾਘਾ ਪੁਰਾਣਾ ਆਦਿ ਕਮੇਟੀ ਮੈਂਬਰ ਹਾਜ਼ਰ ਸਨ | ਇਸ ਪਵਿੱਤਰ ਤਿਉਹਾਰ ਮੌਕੇ ਬਾਘਾ ਪੁਰਾਣਾ ਪੁਲਿਸ ਸਟੇਸ਼ਨ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |