ਲੁਧਿਆਣਾ, 3 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੋਤੀ ਨਗਰ ਦੀ ਪੁਲਿਸ ਨੇ ਨਾਬਾਲਗ ਲੜਕੇ ਨੂੰ ਅਗਵਾ ਕਰਕੇ ਉਸਦੀ ਬੂਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ 9 ਵਿਅਕਤੀਆਂ ਖ਼ਿਲਾਫ਼ ਕੇਸ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ 15 ਸਾਲ ਦੇ ਲੜਕੇ ਅਭਿਸ਼ੇਕ ਕੁਮਾਰ ਦੇ ਪਿਤਾ ਕ੍ਰਿਸ਼ਨਾ ਕੁਮਾਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਬਿੰਦੂ, ਸ਼ਿਵਮ, ਸੰਨੀ, ਨਵੀਨ, ਅਤੇ ਪੰਜ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੰਡਲ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਲੜਕਾ ਘਰੋਂ ਪਤੰਗ ਲੈਣ ਲਈ ਗਿਆ ਸੀ ਤਾਂ ਰਸਤੇ ਵਿਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤੇ ਕੁੱਟਮਾਰ ਕਰਨ ਲੱਗ ਪਏ | ਇਹ ਕਥਿਤ ਦੋਸ਼ੀ ਉਸ ਨੂੰ ਧੂਰੀ ਲਾਈਨ ਨੇੜੇ ਸਥਿਤ ਇਕ ਕਮਰੇ ਵਿਚ ਲੈ ਗਏ, ਜਿੱਥੇ ਕਿ ਬਿੰਦੂ, ਸ਼ਿਵਮ, ਸੰਨੀ, ਨਵੀਨ ਅਤੇ ਪੰਜ ਹੋਰ ਵਿਅਕਤੀਆਂ ਨੇ ਉਸਦੇ ਲੜਕੇ ਦੀ ਮੁੜ ਤੋਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਪਾਸੋਂ ਫਿਰੌਤੀ ਦੀ ਮੰਗ ਕੀਤੀ |