ਜਲੰਧਰ, 4 ਜਨਵਰੀ (ਸ਼ਿਵ ਸ਼ਰਮਾ)-ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਲੋਂ ਸੋਲਰ ਬਿਜਲੀ ਉਤਪਾਦਨ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਲਈ ਕਈ ਯੋਜਨਾਵਾਂ ਵੀ ਲਾਗੂ ਕੀਤੀਆਂ ਗਈਆਂ ਹਨ ਤਾਂ ਜੋ ਸੂਬੇ ਵਿਚ ਸੋਲਰ ਬਿਜਲੀ ਉਤਪਾਦਨ ਦਾ ਕੰਮ ਹੋਰ ਪ੍ਰਫੁੱਲਿਤ ਹੋ ਸਕੇ | ਸੂਬੇ ਵਿਚ ਪਾਵਰਕਾਮ ਨੇ ਬਿਜਲੀ ਦੀ ਲਗਾਤਾਰ ਵਧ ਰਹੀ ਮੰਗ ਨੂੰ ਪੂਰੀ ਕਰਨ ਲਈ ਪਾਵਰਕਾਮ ਵਲੋਂ ਜਿਥੇ ਕੋਲੇ ਅਤੇ ਡੈਮਾਂ ਦੀ ਬਿਜਲੀ ਉਤਪਾਦਨ ਵਿਚ ਵਾਧਾ ਕੀਤਾ ਜਾ ਰਿਹਾ ਹੈ ਤੇ ਉਥੇ ਸੋਲਰ ਬਿਜਲੀ ਦੇ ਲਗਾਤਾਰ ਵਧ ਰਹੇ ਉਤਪਾਦਨ ਨੂੰ ਦੇਖਦੇ ਹੋਏ ਇਸ ਦੀ ਵੀ ਜ਼ਿਆਦਾ ਤੋਂ ਜ਼ਿਆਦਾ ਖ਼ਰੀਦ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਲੰਬੇ ਸਮੇਂ ਬਾਅਦ ਹੁਣ 1000 ਮੈਗਾਵਾਟ ਸੋਲਰ ਬਿਜਲੀ ਦੀ ਖ਼ਰੀਦ ਕਰਨ ਲਈ ਪਾਵਰਕਾਮ ਵਲੋਂ ਟੈਂਡਰ ਲਗਾਏ ਜਾ ਰਹੇ ਹਨ | ਟੈਂਡਰ ਲੱਗਣ ਤੋਂ ਬਾਅਦ ਪਾਵਰਕਾਮ ਉਨ੍ਹਾਂ ਲੋਕਾਂ ਨਾਲ ਸੋਲਰ ਬਿਜਲੀ ਦੀ ਖ਼ਰੀਦ ਕਰਨ ਲਈ ਸਮਝੌਤੇ ਕਰੇਗਾ, ਜਿਹੜੇ ਕਿ ਆਪਣੇ ਸੋਲਰ ਪ੍ਰਾਜੈਕਟ ਲਗਾ ਕੇ ਬਿਜਲੀ ਉਤਪਾਦਨ ਕਰਨਾ ਚਾਹੁੰਦੇ ਹਨ, ਉਹ ਟੈਂਡਰ ਪਾ ਕੇ ਪਾਵਰਕਾਮ ਨੂੰ ਆਪਣੀ ਬਿਜਲੀ ਵੇਚ ਕੇ ਮੁਨਾਫ਼ਾ ਕਮਾ ਸਕਦੇ ਹਨ | ਪਾਵਰਕਾਮ ਵਲੋਂ ਜਿਹੜੇ 1000 ਮੈਗਾਵਾਟ ਸੋਲਰ ਬਿਜਲੀ ਦੀ ਖ਼ਰੀਦ ਲਈ ਜਿਹੜਾ ਟੈਂਡਰ ਲਗਾਇਆ ਜਾਣਾ ਹੈ, ਉਸ ਨਾਲ ਸੋਲਰ ਬਿਜਲੀ ਉਤਪਾਦਨ ਦੇ ਹੋਰ ਵਧਣ ਤੋਂ ਇਲਾਵਾ ਲੋਕਾਂ ਵਲੋਂ ਨਵੇਂ ਪ੍ਰਾਜੈਕਟ ਲਗਾਉਣ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ | ਪਾਵਰਕਾਮ ਅਜੇ ਤੱਕ ਵੱਖ-ਵੱਖ ਕੰਪਨੀਆਂ ਰਾਹੀਂ ਖ਼ਰੀਦ ਸਮਝੌਤਿਆਂ ਰਾਹੀਂ ਕਰੀਬ 3300 ਮੈਗਾਵਾਟ ਸੋਲਰ ਬਿਜਲੀ ਪ੍ਰਾਪਤ ਕਰਦਾ ਹੈ, ਜਿਸ ਤਰਾਂ ਨਾਲ ਲੋਕਾਂ ਦੀ ਦਿਲਚਸਪੀ ਸੋਲਰ ਬਿਜਲੀ ਪ੍ਰਾਜੈਕਟ ਨੂੰ ਲਗਾਉਣ 'ਚ ਵਧ ਰਹੀ ਹੈ | ਪਾਵਰਕਾਮ ਮੁਤਾਬਿਕ ਜਿਹੜਾ 1000 ਮੈਗਾਵਾਟ ਸੋਲਰ ਬਿਜਲੀ ਦੀ ਖ਼ਰੀਦ ਦਾ ਟੈਂਡਰ ਲਗਾਇਆ ਜਾਣਾ ਹੈ, ਉਸ ਵਿਚ 5 ਮੈਗਾਵਾਟ ਤੋਂ ਲੈ ਕੇ ਉਸ ਤੋਂ ਉਪਰ ਦੀ ਸਮਰੱਥਾ ਵਾਲੇ ਸੋਲਰ ਬਿਜਲੀ ਉਤਪਾਦਨ ਕਰਨ ਦੇ ਚਾਹਵਾਨ ਵਾਲੇ ਲੋਕ ਟੈਂਡਰ ਭਰ ਸਕਣਗੇ | ਸੋਲਰ ਬਿਜਲੀ ਉਤਪਾਦਨ ਵਿਚ ਵਾਧਾ ਹੋਣ ਨਾਲ ਪਾਵਰਕਾਮ ਦੇ ਖਰਚਿਆਂ ਵਿਚ ਵੀ ਕਟੌਤੀ ਹੋਵੇਗੀ, ਕਿਉਂਕਿ ਜਿਥੇ ਕੋਲੇ ਨਾਲ ਉਸ ਨੂੰ ਬਿਜਲੀ ਮਹਿੰਗੀ ਪੈਣ ਤੋਂ ਇਲਾਵਾ ਪ੍ਰਦੂਸ਼ਣ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਸੋਲਰ ਬਿਜਲੀ ਵਾਤਾਵਰਨ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ ਹੈ | ਬੀਤੇ ਸਾਲ ਵਿਚ ਪਾਵਰਕਾਮ ਕੋਲ ਬਿਜਲੀ ਦੀ ਮੰਗ 16500 ਮੈਗਾਵਾਟ ਤੱਕ ਪੁੱਜ ਗਈ ਸੀ, ਜਿਹੜੀ ਕਿ ਇਸ ਸਾਲ 17000 ਮੈਗਾਵਾਟ ਤੱਕ ਪੁੱਜ ਜਾਣ ਦੀ ਸੰਭਾਵਨਾ ਹੈ | ਸਰਕਾਰੀ ਅਤੇ ਗੈਰ ਸਰਕਾਰੀ ਥਰਮਲ ਪਲਾਂਟ ਤੋਂ ਬਿਜਲੀ ਪ੍ਰਾਪਤ ਹੋਣ ਤੋਂ ਇਲਾਵਾ ਪਾਵਰਕਾਮ ਨੂੰ ਬਾਹਰੀ ਸਰੋਤਾਂ ਤੋਂ 7500 ਮੈਗਾਵਾਟ ਦੇ ਕਰੀਬ ਬਿਜਲੀ ਪ੍ਰਾਪਤ ਹੁੰਦੀ ਹੈ | ਪਾਵਰਕਾਮ ਵਲੋਂ 1000 ਮੈਗਾਵਾਟ ਸੋਲਰ ਬਿਜਲੀ ਖ਼ਰੀਦ ਦਾ ਜਿਹੜਾ ਟੈਂਡਰ ਲਗਾਇਆ ਜਾ ਰਿਹਾ ਹੈ, ਉਸ ਦੇ ਤਹਿਤ ਇਹ ਬਿਜਲੀ ਪੰਜਾਬ ਵਿਚੋਂ ਹੀ ਖ਼ਰੀਦੀ ਜਾਣੀ ਹੈ | ਚੇਤੇ ਰਹੇ ਕਿ ਪ੍ਰਧਾਨ ਮੰਤਰੀ ਸੂਰਜ ਘਰ ਬਿਜਲੀ ਯੋਜਨਾ ਦੇ ਤਹਿਤ ਦੇਸ਼ ਭਰ ਵਿਚ ਹੁਣ ਤੱਕ 25 ਲੱਖ ਘਰਾਂ ਨੂੰ 'ਰੂਫਟਾਪ ਸੋਲਰ ਬਿਜਲੀ ਸਿਸਟਮ' ਲਗਾਏ ਜਾ ਚੁੱਕੇ ਹਨ | ਇਹ ਯੋਜਨਾ 13 ਫਰਵਰੀ 2024 ਨੂੰ ਸ਼ੁਰੂ ਹੋਈ ਸੀ ਅਤੇ ਇਸ ਦੇ ਤਹਿਤ 300-300 ਯੂਨਿਟ ਮੁਫ਼ਤ ਬਿਜਲੀ ਮਿਲਣ ਤੋਂ ਇਲਾਵਾ ਇਹ ਸਿਸਟਮ ਲਗਾਉਣ ਵਾਲੇ ਪਰਿਵਾਰ ਨੂੰ 15 ਹਜ਼ਾਰ ਦੀ ਸਾਲਾਨਾ ਆਮਦਨ ਵੀ ਹੁੰਦੀ ਹੈ |
1000 ਮੈਗਾਵਾਟ ਸੋਲਰ ਬਿਜਲੀ ਦੀ ਖ਼ਰੀਦ ਲਈ ਪਾਵਰਕਾਮ ਲਗਾਏਗਾ ਟੈਂਡਰ
ਅਜੀਤ ਡੈਸਕ
05-01-2026