ਜਲੰਧਰ, 4 ਜਨਵਰੀ (ਜਸਪਾਲ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਦੀ ਅਗਵਾਈ ਹੇਠ ਇਥੋਂ ਦੇ ਦੇਸ਼ ਭਗਤ ਯਾਦਗਾਰ ਤੋਂ ਲੈ ਕੇ ਬੀ.ਐਮ.ਸੀ. ਚੌਕ ਤੱਕ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ | ਅਮਰੀਕੀ ਸਾਮਰਾਜ ਵਲੋਂ ਆਜ਼ਾਦ ਤੇ ਖ਼ੁਦ ਮੁਖਤਿਆਰ ਦੇਸ਼ ਵੇਨਜ਼ੁਏਲਾ 'ਤੇ ਧਾੜਵੀ ਹਮਲਾ ਕਰਕੇ ਸੈਂਕੜੇ ਨਿਰਦੋਸ਼ਾਂ ਨੂੰ ਮਾਰ ਮਕਾਉਣ ਅਤੇ ਦੇਸ਼ ਦੇ ਚੁਣੇ ਹੋਏ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਅਗਵਾ ਕਰ ਲੈਣ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਕੀਤੇ ਗਏ ਇਸ ਮੁਜ਼ਾਹਰੇ 'ਚ ਨਾਮਵਰ ਬੁੱਧੀਜੀਵੀ ਸਤਨਾਮ ਚਾਨਾ, ਡਾਕਟਰ ਤੇਜਿੰਦਰ ਵਿਰਲੀ ਤੇ ਦੇਵ ਰਾਜ ਨਈਅਰ ਵੀ ਸ਼ਾਮਿਲ ਹੋਏ | ਇਸ ਮੌਕੇ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਸਾਥੀ ਪਾਸਲਾ ਤੇ ਜਾਮਾਰਾਏ ਨੇ ਕਿਹਾ ਕਿ ਵੇਨਜ਼ੁਏਲਾ ਦੇ ਸਦਰ 'ਤੇ ਨਸ਼ਾ ਤਸਕਰੀ 'ਚ ਸ਼ਾਮਿਲ ਹੋਣ ਦਾ ਝੂਠਾ ਦੋਸ਼ ਮੜ੍ਹ ਕੇ ਕੀਤਾ ਗਿਆ ਉਕਤ ਹਮਲਾ ਦਰਅਸਲ ਇਸ ਦੇਸ਼ ਦੇ ਵਿਸ਼ਾਲ ਤੇ ਬੇਸ਼ਕੀਮਤੀ ਤੇਲ ਭੰਡਾਰ ਅਤੇ ਹੋਰ ਕੁਦਰਤੀ ਵਸੀਲਿਆਂ 'ਤੇ ਕਬਜ਼ਾ ਜਮਾਉਣ ਦੀ ਅਮਰੀਕੀ ਪ੍ਰਸ਼ਾਸ਼ਨ ਦੀ ਚਿਰੋਕਣੀ ਸਾਜ਼ਿਸ਼ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ ਇਹ ਯੂ.ਐਨ.ਓ. ਦੇ ਚਾਰਟਰ ਅਤੇ ਕੌਮਾਂਤਰੀ ਸੰਧੀਆਂ ਦੀ ਸਰਾਸਰ ਉਲੰਘਣਾ ਹੈ | ਇਸ ਕਰਕੇ ਅਮਰੀਕਾ ਦੀ ਵਿਸ਼ਵ ਭਰ ਦੇ ਨਿਆਂ ਪਸੰਦ ਲੋਕਾਂ ਵਲੋਂ ਘੋਰ ਨਿੰਦਾ ਕੀਤੀ ਜਾ ਰਹੀ ਹੈੈ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਕ ਹੋਰ ਆਲਮੀ ਜੰਗ ਛੇੜੇ ਜਾਣ ਤੋਂ ਬਚਣ ਲਈ ਅਮਨ ਪਸੰਦ ਲੋਕਾਂ ਨੂੰ ਅਮਰੀਕਾ ਖਿਲਾਫ਼ ਹੋਰ ਤਕੜਾ ਤੇ ਫੈਸਲਾਕੁੰਨ ਪ੍ਰਤੀਰੋਧ ਉਸਾਰਨ ਵੱਲ ਵਧਣਾ ਚਾਹੀਦਾ ਹੈ | ਇਸ ਮੌਕੇ ਕੁਲਵੰਤ ਸਿੰਘ ਸੰਧੂ, ਡਾ. ਸਤਨਾਮ ਸਿੰਘ ਅਜਨਾਲਾ, ਰਘਬੀਰ ਸਿੰਘ ਬੈਨੀਪਾਲ, ਮੋਹਨ ਸਿੰਘ ਧਮਾਨਾ, ਗੁਰਦਰਸ਼ਨ ਬੀਕਾ, ਹਰੀਮੁਨੀ ਸਿੰਘ ਤੇ ਬਲਦੇਵ ਸਿੰਘ ਨੂਰਪੁਰੀ ਵੀ ਮੌਜੂਦ ਸਨ |