ਅੰਮਿ੍ਤਸਰ, 4 ਜਨਵਰੀ (ਸੁਰਿੰਦਰ ਕੋਛੜ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੀ ਸਰਬਜੀਤ ਕੌਰ ਵਲੋਂ ਜਥੇ 'ਚੋਂ ਫ਼ਰਾਰ ਹੋ ਕੇ ਧਰਮ ਪਰਿਵਰਤਨ ਤੋਂ ਬਾਅਦ ਪਾਕਿਸਤਾਨੀ ਨੌਜਵਾਨ ਨਾਸਿਰ ਹੁਸੈਨ ਨਾਲ ਨਿਕਾਹ ਕਰਵਾਉਣ ਤੋਂ ਬਾਅਦ ਉਕਤ ਔਰਤ ਨੂੰ ਹਿਰਾਸਤ 'ਚ ਲਏ ਜਾਣ 'ਤੇ 'ਅਜੀਤ' ਨੂੰ ਉਸ ਦੀ ਪਹਿਲੀ ਤਸਵੀਰ ਪ੍ਰਾਪਤ ਹੋਈ ਹੈ | ਪਾਕਿਸਤਾਨੀ ਸੂਤਰਾਂ ਦੇ ਸਹਿਯੋਗ ਨਾਲ ਪ੍ਰਾਪਤ ਹੋਈ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣੀ ਔਰਤ ਦੀ ਤਸਵੀਰ 'ਚ ਉਸ ਦੇ ਸਾਹਮਣੇ ਅਤੇ ਪਿਛਲੇ ਪਾਸੇ ਪਾਕਿਸਤਾਨ ਦੀ 'ਅਲੀਟ ਪੁਲਿਸ ਫੋਰਸ' ਦੇ ਜਵਾਨ ਖੜ੍ਹੇ ਸਾਫ਼ ਵੇਖੇ ਜਾ ਸਕਦੇ ਹਨ | ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹ ਤਸਵੀਰ ਲਾਹੌਰ ਦੇ ਡੀ. ਐੱਚ. ਏ. ਸਥਿਤ 'ਅਲੀਟ ਪੁਲਿਸ ਫੋਰਸ' ਦੇ ਹੈੱਡਕੁਆਟਰ 'ਚ ਲਈ ਗਈ ਹੈ | ਸਰਬਜੀਤ ਕੌਰ ਨੂੰ ਜਿਸ ਮੰਝੇ 'ਤੇ ਬਿਠਾਇਆ ਗਿਆ ਹੈ, ਉਥੇ ਉਕਤ ਔਰਤ ਦਾ ਪਰਸ ਅਤੇ ਇਕ ਹੈਲਮਟ ਵੀ ਪਿਆ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਫ਼ਰਾਰ ਹੋਣ ਦੇ ਅਗਲੇ ਹੀ ਦਿਨ ਤੋਂ ਸਰਬਜੀਤ ਕੌਰ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਨਿਗਰਾਨੀ ਹੇਠ ਪੁਲਿਸ ਦੀ ਹਿਰਾਸਤ 'ਚ ਹੈ | ਦੂਜੇ ਪਾਸੇ, ਲਹਿੰਦੇ ਪੰਜਾਬ ਦੇ ਸਾਬਕਾ ਐੱਮ. ਪੀ. ਏ. ਅਤੇ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ ਤਰਫ਼ੋਂ ਸਰਬਜੀਤ ਕੌਰ ਨੂੰ ਗਿ੍ਫ਼ਤਾਰ ਕਰਕੇ ਭਾਰਤ ਵਾਪਸ ਭੇਜੇ ਜਾਣ ਅਤੇ ਭਵਿੱਖ 'ਚ ਧਾਰਮਿਕ ਯਾਤਰਾ 'ਤੇ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਸਖ਼ਤ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਪ੍ਰਣਾਲੀ ਲਾਗੂ ਕਰਨ ਦੀ ਮੰਗ ਵਾਲੀ ਸੰਵਿਧਾਨਕ ਪਟੀਸ਼ਨ ਲਾਹੌਰ ਹਾਈ ਕੋਰਟ ਵਿਚ ਦਾਇਰ ਕਰਨ ਵਾਲੇ ਵਕੀਲ ਅਲੀ ਚੰਗੇਜ਼ੀ ਸੰਧੂ ਨੂੰ ਲਾਹੌਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਤੰਗ-ਪਰੇਸ਼ਾਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਵਕੀਲ ਸੰਧੂ ਲਈ ਪੱਤਰ ਜਾਰੀ ਕਰਕੇ ਉਸ ਨੂੰ ਸਬ-ਡਿਵੀਜ਼ਨਲ ਪੁਲਿਸ ਅਫ਼ਸਰ ਲਾਹੌਰ ਨੇ 5 ਜਨਵਰੀ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ, ਜਿਸ ਦੇ ਵਿਰੋਧ 'ਚ ਉਕਤ ਵਕੀਲ ਵਲੋਂ ਭਲਕੇ ਲਾਹੌਰ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕਰਕੇ ਉਕਤ ਪ੍ਰਸ਼ਾਸਨਿਕ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ |