ਅੰਮਿ੍ਤਸਰ, 5 ਜਨਵਰੀ (ਜਸਵੰਤ ਸਿੰਘ ਜੱਸ)-ਕੈਬਨਿਟ ਮੰਤਰੀ ਪੰਜਾਬ ਤਰੁਨਪ੍ਰੀਤ ਸਿੰਘ ਸੌਂਦ, ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ 'ਆਪ' ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਦਿੱਲੀ ਸਿੱਖ ਗੁ: ਪ੍ਰ: ਕਮੇਟੀ ਦੇ ਆਗੂ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਵੱਖ-ਵੱਖ ਮਾਮਲਿਆਂ ਨਾਲ ਸੰਬੰਧਿਤ ਅੱਜ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਆਪਣੇ ਸਪੱਸ਼ਟੀਕਰਨ ਦੇਣ ਲਈ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜੇ | ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਪੱਸ਼ਟੀਕਰਨ ਦੇਣ ਲਈ ਨੰਗੇ ਪੈਰ ਚੱਲ ਕੇ ਸ੍ਰੀ ਦਰਬਾਰ ਸਾਹਿਬ ਪੁੱਜੇ ਅਤੇ ਦੇਗ ਕਰਵਾ ਕੇ ਤੇ ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਕੇ ਸਕੱਤਰੇਤ ਵਿਖੇ ਸਿੰਘ ਸਾਹਿਬਾਨ ਕੋਲ ਆਪਣਾ ਸਪੱਸ਼ਟੀਕਰਨ ਦਿੱਤਾ | ਉਪਰੰਤ ਗੱਲਬਾਤ ਕਰਦਿਆਂ ਸੌਂਦ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਸਮਾਰਕ ਬਣਾਇਆ ਗਿਆ ਹੈ, ਜਿਸ ਵਿਚ ਲਗਾਈ ਇਕ ਤਸਵੀਰ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਇਤਰਾਜ ਜਤਾਉਂਦਿਆਂ ਤਲਬ ਕੀਤਾ ਸੀ | ਉਨ੍ਹਾਂ ਦੱਸਿਆ ਕਿ ਅਸੀਂ ਉਨ੍ਹਾਂ ਦੇ ਇਤਰਾਜ ਅਨੁਸਾਰ ਤਸਵੀਰ ਤਾਂ ਉਸੇ ਦਿਨ ਹੀ ਦਰੁਸਤ ਕਰ ਦਿੱਤੀ ਸੀ, ਪਰ ਵਿਭਾਗ ਦਾ ਮੁਖੀ ਹੋਣ ਦੇ ਨਾਤੇ ਉਹ ਅੱਜ ਸਪੱਸ਼ਟੀਕਰਨ ਦੇਣ ਲਈ ਆਏ ਹਨ | ਇਸੇ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਝਰ ਨੇ ਆਨਰੇਰੀ ਸਕੱਤਰ ਰਮਣੀਕ ਸਿੰਘ ਨਾਲ ਜਥੇਦਾਰ ਨੂੰ ਸਪੱਸ਼ਟੀਕਰਨ ਦੇਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਵਾਨ ਦੇ ਅੰਮਿ੍ਤਧਾਰੀ ਮੈਂਬਰਾਂ ਬਾਰੇ ਜਥੇਦਾਰ ਸਾਹਿਬ ਨੂੰ ਸਪੱਸ਼ਟੀਕਰਨ ਦਿੱਤਾ ਹੈ | ਉਨ੍ਹਾਂ ਕਿਹਾ ਦੀਵਾਨ ਦੇ ਸੰਵਿਧਾਨ ਅਨੁਸਾਰ ਸਾਰੇ ਮੈਂਬਰਾਂ ਦਾ ਅੰਮਿ੍ਤਧਾਰੀ ਹੋਣਾ ਲਾਜ਼ਮੀ ਹੈ ਅਤੇ ਅਸੀਂ ਵੀ ਇਹੀ ਚਾਹੁੰਦੇ ਹਾਂ | ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਦੀਵਾਨ ਦਾ ਕੋਈ ਮੈਂਬਰ ਗ਼ੈਰ-ਅੰਮਿ੍ਤਧਾਰੀ ਹੈ, ਉਸ ਨੂੰ ਵੀ ਮੁੜ ਅੰਮਿ੍ਤ ਛਕਣ ਲਈ ਉਤਸ਼ਾਹਿਤ ਕਰਨਗੇ | ਇਸੇ ਦੌਰਾਨ ਜਥੇਦਾਰ ਦੇ ਆਦੇਸ਼ 'ਤੇ ਅੱਜ ਦਿੱਲੀ ਸਿੱਖ ਗੁ: ਪ੍ਰ: ਕਮੇਟੀ ਦੇ ਕੁਝ ਅਹੁਦੇਦਾਰ ਮੈਂਬਰ ਵੀ ਕੁਝ ਮਹੀਨੇ ਪਹਿਲਾਂ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਰੋਕ ਦੇ ਬਾਵਜੂਦ ਕਮੇਟੀ ਦਾ ਇਜਲਾਸ ਬੁਲਾਏ ਜਾਣ ਦੇ ਸੰਬੰਧ ਵਿਚ ਸਪੱਸ਼ਟੀਕਰਨ ਦੇਣ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜੇ ਪਰ ਕਮੇਟੀ ਦੇ ਪ੍ਰਧਾਨ ਹਰਮੀਤ ਸਿੰੰਘ ਕਾਲਕਾ ਤੇ ਜਨ: ਸਕੱਤਰ ਜਗਦੀਪ ਸਿੰਘ ਕਾਹਲੋਂ ਕਿਸੇ ਕਾਰਨ ਖੁਦ ਨਹੀਂ ਪੁੱਜ ਸਕੇ | ਸਪੱਸ਼ਟੀਕਰਨ ਦੇਣ ਬਾਅਦ ਵਫਦ ਦੇ ਆਗੂ ਭੁਪਿੰਦਰ ਸਿੰੰਘ ਭੁੱਲਰ ਨੇ ਕਿਹਾ ਕਿ ਅਸਾਂ ਸਪੱਸ਼ਟੀਕਰਨ ਜਥੇਦਾਰ ਸਾਹਿਬ ਨੂੰ ਸੌਂਪ ਦਿੱਤਾ ਹੈ ਤੇ ਸਾਡੇ ਸਾਰੇ ਮਸਲੇ ਹੱਲ ਹੋ ਚੁੱਕੇ ਹਨ | ਦਿੱਲੀ ਕਮੇਟੀ ਦੇ ਵਫਦ ਵਿਚ ਭੁਪਿੰਦਰ ਸਿੰੰਘ ਭੁੱਲਰ ਤੋਂ ਇਲਾਵਾ ਆਤਮਾ ਸਿੰਘ ਲੁਬਾਣਾ, ਜੈਸਮੈਨ ਸਿੰਘ ਨੋਨੀ, ਜਸਪ੍ਰੀਤ ਸਿੰਘ ਵਿੱਕੀ ਮਾਨ, ਹਰਜੀਤ ਸਿੰਘ ਪੱਪਾ ਤੇ ਮਨਜੀਤ ਸਿੰੰਘ ਭੋਮਾ ਆਦਿ ਵੀ ਸ਼ਾਮਿਲ ਸਨ |
ਸੌਂਦ, ਡਾ. ਨਿੱਜਰ ਤੇ ਦਿੱਲੀ ਕਮੇਟੀ ਦੇ ਵਫ਼ਦ ਨੇ ਜਥੇਦਾਰ ਨੂੰ ਸੌਂਪੇ ਸਪੱਸ਼ਟੀਕਰਨ <br/>
ਅਜੀਤ ਡੈਸਕ
06-01-2026