ਬਠਿੰਡਾ, 5 ਜਨਵਰੀ (ਵੀਰਪਾਲ ਸਿੰਘ)-ਪੱਛਮੀ ਗੜਬੜੀ ਦੇ ਚੱਲਦਿਆਂ ਉੱਤਰੀ ਭਾਰਤ 'ਚ ਸੰਘਣੀ ਧੁੰਦ ਪੈਣ ਅਤੇ ਠੰਢੀਆਂ ਹਵਾਵਾਂ ਵੱਗਣ ਨਾਲ ਪੈ ਰਹੀ ਠੰਢ ਨੇ ਲੋਕਾਂ ਦਾ ਜਨ-ਜੀਵਨ ਲੀਹੋ ਲਾਹ ਦਿੱਤਾ ਹੈ | ਹਵਾਈ ਉਡਾਣਾਂ ਰੱਦ ਹੋਣ ਅਤੇ ਰੇਲਗੱਡੀਆਂ ਦਾ ਆਪਣੇ ਸਮੇਂ ਤੋਂ ਪਛੜ ਕੇ ਚੱਲਣਾ, ਸੜਕੀ ਆਵਾਜਾਈ ਦੀ ਰਫ਼ਤਾਰ ਧੀਮੀ ਪੈ ਚੁੱਕੀ ਹੈ | ਦੂਸਰੇ ਪਾਸੇ ਸੰਘਣੀ ਧੁੰਦ ਨਾਲ ਕੋਹਰਾ ਪੈਣ ਕਾਰਨ ਦੇਸ਼ ਭਰ ਵਿਚ ਲੰਘੇ 6 ਸਾਲਾਂ ਵਿਚ 80 ਹਜ਼ਾਰ ਤੋਂ ਵੱਧ ਲੋਕਾਂ ਦੀ ਸੜਕੀ ਹਾਦਸਿਆਂ ਵਿਚ ਮੌਤ ਹੋਣ ਦੇ ਅੰਕੜੇ ਸਾਹਮਣੇ ਆਏ ਹਨ ਅਤੇ ਦੋ ਲੱਖ ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਾਲ 2020 'ਚ 12,084, ਸਾਲ 2021 ਵਿਚ 13,372, ਸਾਲ 2020 'ਚ 14583 ਲੋਕਾਂ ਦੀ ਧੁੰਦ ਪੈਣ ਨਾਲ ਵਾਪਰੇ ਸੜਕੀ ਹਾਦਸਿਆਂ ਵਿਚ ਮੌਤ ਹੋ ਚੁੱਕੀ ਹੈ | ਸਾਲ 2024 ਅਤੇ 2025 ਦੇ ਅੰਦਾਜ਼ਨ ਅੰਕੜਿਆਂ ਮੁਤਾਬਿਕ ਅੱਜ ਤੱਕ ਸਾਰੇ ਅੰਕੜਿਆਂ 'ਚ 80 ਹਜ਼ਾਰ ਤੋਂ ਵੱਧ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ | ਮੀਡੀਆ ਰਿਪੋਰਟਾਂ ਅਨੁਸਾਰ ਲੰਘੇ ਦਿਨ ਧੁੰਦ ਪੈਣ ਨਾਲ ਦਿਸਣ ਹੱਦ ਘੱਟ ਰਹਿਣ ਨਾਲ ਵੱਡੀ ਗਿਣਤੀ ਹਵਾਈ ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਵਧੇਰੇ ਹਵਾਈ ਅੱਡਿਆਂ ਤੋਂ ਹਵਾਈ ਉਡਾਣਾਂ ਦੇਰੀ ਨਾਲ ਚੱਲਣ ਦੀ ਖ਼ਬਰ ਹੈ | ਦੇਸ਼ ਭਰ ਵਿਚ ਕਈ ਰੇਲਗੱਡੀਆਂ ਆਪਣੇ ਸਮੇਂ ਤੋਂ 10 ਤੋਂ 16 ਘੰਟਿਆਂ ਦੀ ਦੇਰੀ ਨਾਲ ਚੱਲਣ ਦੀਆਂ ਖ਼ਬਰਾਂ ਹਨ | ਧੁੰਦ ਪੈਣ ਨਾਲ ਵਾਪਰ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਜਾਂ ਘੱਟ ਕਰਨ ਲਈ ਕੇਂਦਰ ਸਰਕਾਰ ਵਲੋਂ ਅੱਜ ਤੱਕ ਕੋਈ ਵਿਵਸਥਾ ਨਹੀ ਕੀਤੀ ਗਈ | ਚੀਨ ਵਲੋਂ ਆਪਣੇ ਦੇਸ਼ ਵਿਚ ਸੜਕੀ ਹਾਦਸੇ ਰੋਕਣ ਲਈ ਕੀਤੇ ਉਪਰਾਲਿਆਂ ਦੌਰਾਨ ਸੜਕੀ ਦੁਰਘਟਨਾਵਾਂ ਨੂੰ ਇਕ ਤਿਹਾਈ ਘੱਟ ਕੀਤਾ ਜਾ ਚੁੱਕਾ ਹੈ | ਸੜਕੀ ਆਵਾਜਾਈ ਮੰਤਰਾਲੇ ਵਲੋਂ ਕਰੋੜਾਂ ਰੁਪਏ ਦੇ ਟੋਲ ਟੈਕਸ ਦੀ ਵਸੂਲੀ ਤੋਂ ਬਾਅਦ ਵੀ ਧੁੰਦ ਪੈਣ ਕਾਰਨ ਸੜਕੀ ਆਵਾਜਾਈ ਨੂੰ ਘੱਟ ਕਰਨ ਦੀ ਕੋਈ ਰੂਪ ਰੇਖਾ ਤਿਆਰ ਨਹੀਂ ਕੀਤੀ ਗਈ, ਜਿਸ ਕਾਰਨ ਹਰ ਸਾਲ 10 ਹਜ਼ਾਰ ਤੋਂ ਵਧੇਰੇ ਲੋਕ ਮੌਤ ਦੇ ਮੂੰਹ ਜਾ ਰਹੇ ਹਨ |
ਸੰਘਣੀ ਧੁੰਦ ਪੈਣ ਨਾਲ ਵਾਪਰ ਰਹੇ ਸੜਕ ਹਾਦਸਿਆਂ 'ਚ ਹਰ ਸਾਲ 10 ਹਜ਼ਾਰ ਲੋਕ ਜਾ ਰਹੇ ਹਨ ਮੌਤ ਦੇ ਮੂੰਹ <br/>
ਅਜੀਤ ਡੈਸਕ
06-01-2026