ਚੰਡੀਗੜ੍ਹ, 5 ਜਨਵਰੀ (ਅਜੀਤ ਬਿਊਰੋ)- ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਗੁਰਦਾਸਪੁਰ ਤੇ ਤਰਨ ਤਾਰਨ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਲਈ ਚੋਣਾਂ ਕਰਵਾਉਣ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ | ਜ਼ਿਲ੍ਹਾ ਗੁਰਦਾਸਪੁਰ ਦੀਆ ਗ੍ਰਾਮ ਪੰਚਾਇਤਾਂ ਕਲਾਨੌਰ ਮੋਜੋਵਾਲ, ਕਲਾਨੌਰ ਪੁਰਾਣੀ, ਕਲਾਨੌਰ ਪੀ.ਏ.ਪੀ, ਕਲਾਨੌਰ ਚੱਕਰੀ, ਕਲਾਨੌਰ ਢੱਕੀ, ਕਲਾਨੌਰ ਜ਼ੈਲਦਾਰਾ ਅਤੇ ਇਸੇ ਤਰ੍ਹਾਂ ਜ਼ਿਲ੍ਹਾ ਤਰਨਤਾਰਨ ਦੀਆਂ ਗ੍ਰਾਮ ਪੰਚਾਇਤਾਂ ਕਾਜ਼ੀ ਕੋਟ (70), (ਨਾਲਾਗੜ੍ਹ-69), ਕੱਕਾ ਕੰਡਿਆਲਾ (63), ਪੰਡੋਰੀ ਗੋਲਾ (79), ਮਾੜੀ ਕੰਬੋਕੇ (68) ਹਨ | ਨੋਟੀਫਾਈਡ ਪ੍ਰੋਗਰਾਮ ਅਨੁਸਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਮਿਤੀ 8 ਜਨਵਰੀ ਵੀਰਵਾਰ ਹੈ | ਵੋਟਾਂ 18 ਜਨਵਰੀ ਦਿਨ ਐਤਵਾਰ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਉਸੇ ਦਿਨ ਚੋਣ ਅਮਲ ਖ਼ਤਮ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਹੋਵੇਗੀ | ਇਨ੍ਹਾਂ ਸਬੰਧਤ ਗ੍ਰਾਮ ਪੰਚਾਇਤਾਂ ਦੇ ਰੈਵੀਨਿਊ ਅਧਿਕਾਰ ਖੇਤਰ ਵਿਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ ਅਤੇ ਚੋਣ ਪ੍ਰਕਿਰਿਆ ਖਤਮ ਹੋਣ ਦੀ ਮਿਤੀ 19 ਜਨਵਰੀ ਤੱਕ ਲਾਗੂ ਰਹੇਗਾ | ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਅਤੇ ਤਰਨ ਤਾਰਨ ਨੂੰ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ |