ਫ਼ਤਹਿਗੜ੍ਹ ਸਾਹਿਬ, 5 ਜਨਵਰੀ (ਬਲਜਿੰਦਰ ਸਿੰਘ)-ਜ਼ਿਲ੍ਹਾ ਕਚਹਿਰੀਆਂ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਇਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਫੜੀ ਲਗਾ ਕੇ ਮੰਜੇ 'ਤੇ ਬੈਠੀਆਂ ਦਾਦੀ ਅਤੇ ਪੋਤੀ ਨੂੰ ਕੁਚਲ ਦਿੱਤਾ | ਮਿ੍ਤਕਾਂ ਦੀ ਪਛਾਣ ਮਨਜੀਤ ਕੌਰ (55) ਅਤੇ ਖੁਸ਼ਦੀਪ ਕੌਰ (13) ਵਾਸੀਆਨ ਸਰਹਿੰਦ ਸ਼ਹਿਰ ਵਜੋਂ ਹੋਈ ਹੈ | ਇਸ ਘਟਨਾ ਸਬੰਧੀ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਰਣਜੀਤ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਪੁਰਾਣੀ ਸਰਹਿੰਦ ਦੇ ਬਿਆਨਾਂ ਤਹਿਤ ਟਰੱਕ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਤਫ਼ਤੀਸ਼ ਕਰ ਰਹੇ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਿਆਨਾਂ ਵਿਚ ਮਿ੍ਤਕਾ ਮਨਜੀਤ ਕੌਰ ਦੇ ਪਤੀ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਪੋਤੀ ਜ਼ਿਲ੍ਹਾ ਕਚਹਿਰੀਆਂ ਦੇ ਬਾਹਰ ਕੰਧ ਨਾਲ ਇਕ ਫੜੀ ਲਗਾ ਕੇ ਰੈਡੀਮੇਡ ਕੱਪੜੇ ਵੇਚਣ ਦਾ ਕੰਮ ਕਰਦੀਆਂ ਸਨ | ਅੱਜ ਸਵੇਰੇ ਲਗਪਗ 5 ਵਜੇ ਜਦੋਂ ਉਹ ਦੋਵੇਂ ਫੜੀ ਲਗਾ ਕੇ ਮੰਜੇ 'ਤੇ ਬੈਠੀਆਂ ਸਨ ਅਤੇ ਸ਼ਿਕਾਇਤਕਰਤਾ ਫੜੀ ਦੇ ਨੇੜੇ ਹੀ ਖੜ੍ਹਾ ਸੀ ਤਾਂ ਇਕ ਤੇਜ਼ ਰਫ਼ਤਾਰ ਟਰੱਕ ਨੰ. ਪੀ.ਬੀ. 65 ਏ.ਵੀ. 1181 ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ | ਜਿਸ ਕਾਰਨ ਦੋਵੇਂ ਦਾਦੀ, ਪੋਤੀ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਇਲਾਜ ਲਈ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ | ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਫੜ੍ਹੀ ਲਗਾ ਕੇ ਬੈਠੀ ਦਾਦੀ-ਪੋਤੀ ਨੂੰ ਕੁਚਲਿਆ <br/>
ਅਜੀਤ ਡੈਸਕ
06-01-2026