ਚੰਡੀਗੜ੍ਹ, 5 ਜਨਵਰੀ (ਸੰਦੀਪ ਕੁਮਾਰ ਮਾਹਨਾ)ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਦੇਣ ਬਾਰੇ ਕੀਤੇ ਐਲਾਨ ਨੂੰ ਭਾਜਪਾ ਨੇ ਸਿਰੇ ਤੋਂ ਨਕਾਰ ਦਿੱਤਾ | ਪੰਜਾਬ ਭਾਜਪਾ ਦੇ ਸੀਨੀਅਰ ਆਗੂ, ਸਾਬਕਾ ਮੰਤਰੀ ਅਤੇ ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ ਨੇ ਕਿਹਾ ਕਿ 'ਆਪ' ਸਰਕਾਰ ਸਿਹਤ ਬੀਮਾ ਯੋਜਨਾ ਦੇ ਨਾਂਅ 'ਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਇਹ ਪੂਰੀ ਯੋਜਨਾ ਝੂਠੇ ਦਾਅਵਿਆਂ 'ਤੇ ਆਧਾਰਿਤ ਹੈ | ਚੰਡੀਗੜ੍ਹ ਵਿਖੇ ਗੱਲਬਾਤ ਕਰਦਿਆਂ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੂਬੇ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਦਿੱਤਾ ਜਾਵੇਗਾ, ਪਰ ਅਸਲ 'ਚ ਸਰਕਾਰ ਬੀਮਾ ਕੰਪਨੀ ਨੂੰ ਸਿਰਫ਼ ਇਕ ਲੱਖ ਰੁਪਏ ਦਾ ਹੀ ਪ੍ਰੀਮੀਅਮ ਅਦਾ ਕਰ ਰਹੀ ਹੈ | ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸਰਕਾਰ ਇਕ ਲੱਖ ਰੁਪਏ ਦਾ ਹੀ ਪ੍ਰੀਮੀਅਮ ਦੇ ਰਹੀ ਹੈ ਤਾਂ ਬੀਮਾ ਕੰਪਨੀ 10 ਲੱਖ ਰੁਪਏ ਦਾ ਕਵਰ ਕਿਵੇਂ ਦੇ ਸਕਦੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਦੇ ਮੀਡੀਆ ਮੁਖੀ ਵਿਨੀਤ ਜੋਸ਼ੀ ਵੀ ਹਾਜ਼ਰ ਸਨ | ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪੰਜਾਬ ਸਰਕਾਰ ਕੋਲ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਹੋਰ ਸਮਾਜਿਕ ਭਲਾਈ ਯੋਜਨਾਵਾਂ ਲਈ ਪੂਰਾ ਫ਼ੰਡ ਨਹੀਂ ਹੈ ਤਾਂ ਇੰਨੀ ਵੱਡੀ ਰਕਮ ਸਿਹਤ ਬੀਮਾ ਯੋਜਨਾ ਲਈ ਕਿਵੇਂ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਲੋਕਾਂ ਨੂੰ ਝੂਠੇ ਸੁਪਨੇ ਦਿਖਾਉਣ ਦੀ ਕੋਸ਼ਿਸ਼ ਹੈ |
10 ਲੱਖ ਰੁਪਏ ਦਾ ਬੀਮਾ ਦੱਸ ਕੇ 'ਆਪ' ਸਰਕਾਰ ਸੂਬੇ ਦੇ ਲੋਕਾਂ ਨੂੰ ਕਰ ਰਹੀ ਗੁਮਰਾਹ-ਮਨੋਰੰਜਨ ਕਾਲੀਆ <br/>
ਅਜੀਤ ਡੈਸਕ
06-01-2026