ਚੰਡੀਗੜ੍ਹ, 6 ਜਨਵਰੀ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 16 ਸਾਲਾ ਵਿਦਿਆਰਥੀ ਦੇ ਅਗਵਾ ਅਤੇ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਉਨ੍ਹਾਂ ਦੇ ਬਾਕੀ ਰਹਿੰਦੇ ਕੁਦਰਤੀ ਜੀਵਨ ਲਈ ਉਮਰ ਕੈਦ ਵਿਚ ਬਦਲ ਦਿੱਤਾ ਹੈ | ਅਦਾਲਤ ਨੇ ਇਹ ਫੈਸਲਾ ਮਨੁੱਖੀ ਸਨਮਾਨ, ਸੰਵਿਧਾਨ ਦੇ ਅਨੁਛੇਦ 21 ਦੇ ਦਾਇਰੇ ਅਤੇ ਫ਼ਾਂਸੀ ਤੋਂ ਪਹਿਲਾਂ ਦੋਸ਼ੀਆਂ ਨਾਲ ਕੀਤੇ ਜਾਣ ਵਾਲੇ ਵਿਹਾਰ ਦੇ ਸੰਵਿਧਾਨਕ ਮਾਪਦੰਡਾਂ 'ਤੇ ਵਿਸਥਾਰ ਨਾਲ ਵਿਚਾਰ ਕਰਨ ਤੋਂ ਬਾਅਦ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਰੋਹਿਤ ਕਪੂਰ ਦੀ ਬੈਂਚ ਨੇ ਸੁਣਾਇਆ | ਮਾਮਲੇ ਦੇ ਅਨੁਸਾਰ 14 ਫਰਵਰੀ, 2005 ਨੂੰ 16 ਸਾਲਾ ਵਿਦਿਆਰਥੀ ਅਭੀ ਵਰਮਾ ਉਰਫ਼ ਹੈਰੀ ਨੂੰ ਅਗਵਾ ਕਰ ਲਿਆ ਸੀ ਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ | ਅਗਲੇ ਹੀ ਦਿਨ ਉਸ ਦੀ ਲਾਸ਼ ਖੇਤ ਵਿਚੋਂ ਬਰਾਮਦ ਕੀਤੀ ਗਈ ਸੀ | ਇਸ ਮਾਮਲੇ ਵਿਚ ਇਕ ਐਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਟਰਾਈਲ ਤੋਂ ਬਾਅਦ 21 ਦਸੰਬਰ, 2006 ਨੂੰ ਹੁਸ਼ਿਆਰਪੁਰ ਦੀ ਸੈਸ਼ਨ ਅਦਾਲਤ ਨੇ ਵਿਕਰਮ ਸਿੰਘ ਉਰਫ਼ ਵਿੱਕੀ ਵਾਲੀਆ ਅਤੇ ਜਸਬੀਰ ਸਿੰਘ ਉਰਫ਼ ਜੱਸਾ ਸਮੇਤ ਕਈਆਂ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ |