ਨਵੀਂ ਦਿੱਲੀ, 23 ਜਨਵਰੀ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਪਬਲਿਕ ਸੈਕਟਰ ਦੀਆਂ ਬੀਮਾ ਕੰਪਨੀਆਂ, ਰਾਸ਼ਟਰੀ ਖੇਤੀ ਅਤੇ ਦਿਹਾਤੀ ਵਿਕਾਸ ਬੈਂਕ (ਨਾਬਾਰਡ) ਅਤੇ ਭਾਰਤੀ ਰਿਜ਼ਰਵ ਬੈਂਕ ਨਾਲ ਜੁੜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਤਨਖਾਹ ਅਤੇ ਪੈਨਸ਼ਨ ਸੋਧਾਂ ਦੇ ਪ੍ਰਸਤਾਵਾਂ ਨੂੰ ਅਧਿਕਾਰਕ ਮਨਜ਼ੂਰੀ ਦੇ ਦਿੱਤੀ ਹੈ | ਸਰਕਾਰ ਦੇ ਇਸ ਆਦੇਸ਼ ਤੋਂ ਬਾਅਦ ਸਰਕਾਰੀ ਖੇਤਰ ਦੀਆਂ 4 ਆਮ ਬੀਮਾ ਕੰਪਨੀਆਂ ਦੇ ਮੁਲਾਜ਼ਮਾਂ ਦੀ ਤਨਖਾਹ 'ਚ ਔਸਤਨ 14 ਫ਼ੀਸਦੀ ਦਾ ਵਾਧਾ ਹੋਏਗਾ | ਇਸ 'ਚ ਅਹਿਮ ਗੱਲ ਇਹ ਹੈ ਕਿ ਇਹ ਸੋਧ 1 ਅਗਸਤ 2022 ਤੋਂ ਪ੍ਰਭਾਵੀ ਮੰਨਿਆ ਜਾਵੇਗਾ ਜਿਸ ਮੁਤਾਬਿਕ ਇਨ੍ਹਾਂ ਮੁਲਾਜ਼ਮਾਂ ਨੂੰ ਪਿਛਲੇ ਸਾਢੇ 3 ਸਾਲਾਂ ਦਾ ਪਿਛਲਾ ਬਕਾਇਆ ਇਕਮੁਸ਼ਤ ਮਿਲੇਗਾ | ਇਸ ਫ਼ੈਸਲੇ ਨਾਲ 46,322 ਮੌਜੂਦਾ ਮੁਲਾਜ਼ਮਾਂ ਨੂੰ ਫ਼ਾਇਦਾ ਹੋਵੇਗਾ | ਇਸ 'ਤੇ ਸਰਕਾਰ ਦੀ ਕੁੱਲ ਲਾਗਤ 8170 ਕਰੋੜ ਰੁਪਏ ਆਏਗੀ | ਨਾਬਾਰਡ ਅਤੇ ਰਿਜ਼ਰਵ ਬੈਂਕ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਸਰਕਾਰ ਨੇ 20 ਫ਼ੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ | ਨਾਲ ਹੀ ਦੋਵੇਂ ਸੰਸਥਾਵਾਂ ਦੇ ਪੈਨਸ਼ਨਧਾਰਕਾਂ ਦੀ ਪੈਨਸ਼ਨ 'ਚ 10 ਫ਼ੀਸਦੀ ਇਜ਼ਾਫਾ ਕੀਤਾ ਗਿਆ | ਵਿੱਤ ਮੰਤਰਾਲੇ ਦੇ ਇਸ ਫ਼ੈਸਲੇ ਨਾਲ ਕੁੱਲ 93 ਹਜ਼ਾਰ ਪਰਿਵਾਰਾਂ ਨੂੰ ਫ਼ਾਇਦਾ ਹੋਵੇਗਾ |