ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਬਲਜਿੰਦਰ ਸਿੰਘ)-ਸਰਹਿੰਦ ਵਿਖੇ ਰੇਲਵੇ ਪੱਟੜੀ ਨੂੰ ਧਮਾਕਾਖੇਜ਼ ਸਮਗਰੀ ਨਾਲ ਨੁਕਸਾਨ ਪਹੁੰਚਾਉਣ ਦੀ ਵਾਪਰੀ ਘਟਨਾ ਸੰਬੰਧੀ ਗੌਰਮਿੰਟ ਰੇਲਵੇ ਪੁਲਿਸ ਥਾਣਾ ਸਰਹਿੰਦ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਗੌਰਮਿੰਟ ਰੇਲਵੇ ਪੁਲਿਸ ਥਾਣਾ ਸਰਹਿੰਦ ਦੇ ਮੁਖੀ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਧਮਾਕੇ ਵਿਚ ਵਰਤੀ ਗਈ ਸਮਗਰੀ ਦੇ ਨਮੂਨੇ ਮੌਕੇ ਤੋਂ ਇਕੱਠੇ ਕਰ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਸੰਬੰਧਿਤ ਫੋਰੈਂਸਿਕ ਲੈਬਾਰਟਰੀ ਭੇਜਿਆ ਗਿਆ ਹੈ | ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਰੇਲਵੇ ਟਰੈਕ ਅਤੇ ਆਸ-ਪਾਸ ਦੇ ਖੇਤਰ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ |