ਲਾਡੋਵਾਲ, 25 ਜਨਵਰੀ (ਬਲਬੀਰ ਸਿੰਘ ਰਾਣਾ)-26 ਜਨਵਰੀ ਗਣਤੰਤਰ ਦਿਵਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਜੋਂ ਲਾਡੋਵਾਲ ਟੋਲ ਪਲਾਜ਼ਾ 'ਤੇ ਵਾਹਨਾਂ ਨੂੰ ਟੋਲ ਮੁਫ਼ਤ ਕਰਨ ਦਾ ਐਲਾਨ ਕੀਤਾ ਗਿਆ ਹੈ | ਦੂਜੇ ਪਾਸੇ, ਸਥਿਤੀ ਨਾਲ ਨਜਿੱਠਣ ਲਈ ਐਨ.ਐਚ.ਏ.ਆਈ. ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਟੋਲ ਪਲਾਜ਼ਾ ਦੀ ਸੁਰੱਖਿਆ ਵਾਸਤੇ ਪੁਰਜ਼ੋਰ ਮੰਗ ਕੀਤੀ ਗਈ ਹੈ, ਜਦਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਕਿਯੂ ਦੋਆਬਾ ਦੇ ਮਾਲਵਾ ਜ਼ੋਨ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਆਉਣ-ਜਾਣ ਵਾਲੇ ਵਾਹਨਾਂ ਲਈ ਲਾਡੋਵਾਲ ਟੋਲ ਪਲਾਜ਼ਾ ਟੋਲ ਮੁਕਤ ਰਹੇਗਾ | ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਕੀਤੇ ਗਏ ਐਲਾਨ ਪਿੱਛੋਂ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੇ 26 ਜਨਵਰੀ ਨੂੰ ਟੋਲ ਪਲਾਜ਼ਾ 'ਤੇ ਪੁਲਿਸ ਸੁਰੱਖਿਆ ਲੈਣ ਵਾਸਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਨਾਲ ਅਥਾਰਿਟੀ ਨੂੰ ਭਾਰੀ ਨੁਕਸਾਨ ਪੁੱਜੇਗਾ | ਟੋਲ ਪਲਾਜ਼ਾ ਉਪਰ ਮਾਲੀਆ ਇਕੱਠਾ ਕਰਨ ਵਾਲੀ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਟੋਲ ਪਲਾਜ਼ਿਆਂ ਦੇ ਸੁਚਾਰੂ ਕੰਮਕਾਜ ਲਈ ਸੁਰੱਖਿਆ ਅਤੇ ਪ੍ਰਸ਼ਾਸਕੀ ਸਹਾਇਕ ਮੁਹੱਈਆ ਕਰਵਾਉਣ ਦੇ ਹੁਕਮ ਦੇ ਚੁੱਕੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਨੇ ਇਸ ਮਾਮਲੇ ਸੰਬੰਧੀ ਉੱਚ ਅਦਾਲਤ ਵਿਚ ਇਕ ਹਲਫ਼ਨਾਮਾ ਵੀ ਦਾਇਰ ਕੀਤਾ ਹੋਇਆ ਹੈ | ਸਨਿਚਰਵਾਰ ਨੂੰ ਲਾਡੋਵਾਲ ਵਿਖੇ ਟੋਲ ਵਸੂਲੀ ਏਜੰਸੀ ਰੇਚਰ ਇੰਫਰਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ, ਪੰਜਾਬ ਤੇ ਹਰਿਆਣਾ ਦੇ ਪ੍ਰੋਜੈਕਟ ਡਾਇਰੈਕਟਰ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਸੂਚਿਤ ਕਰਦਿਆਂ ਕਿਹਾ ਕਿ 12 ਜਨਵਰੀ ਨੂੰ ਕੁਝ ਪ੍ਰਦਰਸ਼ਨਕਾਰੀਆਂ ਨੇ ਸਵੇਰੇ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਵਾਹਨਾਂ ਨੂੰ ਟੋਲ ਮੁਕਤ ਕੀਤਾ ਗਿਆ ਸੀ, ਜਿਸ ਦਾ ਕੰਪਨੀ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ | ਹੁਣ ਕੰਪਨੀ ਨੇ 26 ਜਨਵਰੀ ਨੂੰ ਸੁਚਾਰੂ ਟੋਲ ਵਸੂਲੀ ਲਈ ਅਤੇ ਟੋਲ ਪਲਾਜ਼ਾ ਦੇ ਬੁਨਿਆਦੀ ਢਾਂਚੇ, ਉਪਕਰਨਾਂ ਅਤੇ ਸਟਾਫ਼ ਦੀ ਸੁਰੱਖਿਆ ਵਾਸਤੇ ਪੁਲਿਸ ਪਾਸੋਂ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਅਥਾਰਿਟੀ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇਕ ਪੱਤਰ ਭੇਜ ਕੇ ਅਪੀਲ ਕੀਤੀ ਗਈ ਹੈ ਕਿ ਟੋਲ ਪਲਾਜ਼ਾ 'ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ | ਇਥੇ ਦੱਸਣਾ ਜ਼ਰੂਰੀ ਬਣਦਾ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਸਤਲੁਜ ਦਰਿਆ ਦੇ ਕੰਢੇ ਪਿੰਡ ਸਸਰਾਲੀ ਦੇ ਧੁੱਸੀ ਬੰਨ੍ਹ ਨੂੰ ਪੱਕਾ ਤੇ ਮਜ਼ਬੂਤ ਕਰਨ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਟੋਲ ਪਲਾਜ਼ਾ ਲਾਡੋਵਾਲ ਵਿਖੇ ਰੋਸ ਪ੍ਰਦਰਸ਼ਨ ਕਰਨ ਤੇ ਵਾਹਨਾਂ ਨੂੰ ਟੋਲ ਮੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ |