29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪਾਕਿਸਤਾਨ 'ਚ ਇਕ ਹੋਰ ਭਾਰਤੀ ਔਰਤ ਨੇ ਕੀਤੀ ਵੀਜ਼ਾ ਨਿਯਮਾਂ ਦੀ ਉਲੰਘਣਾ • ਲਾਹੌਰ 'ਚ ਪ੍ਰੇਮੀ ਨਾਲ ਨਿਕਾਹ ਤੋਂ ਬਾਅਦ ਵੀਜ਼ਾ ਖ਼ਤਮ ਹੋਣ 'ਤੇ ਵਾਪਸ

Ad Position 21
No active advertisement
ਅਜੀਤ ਡੈਸਕ 26-01-2026

ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਪਾਕਿਸਤਾਨ ਪਹੁੰਚਣ ਬਾਅਦ ਸ੍ਰੀ ਨਨਕਾਣਾ ਸਾਹਿਬ ਤੋਂ ਫ਼ਰਾਰ ਹੋ ਕੇ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਤੋਂ ਨੂਰ ਫ਼ਾਤਿਮਾ ਬਣੀ ਭਾਰਤੀ ਔਰਤ ਦੀ ਵਾਪਸੀ ਦਾ ਮਾਮਲਾ ਅਜੇ ਕਿਸੇ ਪਾਸੇ ਨਹੀਂ ਲੱਗਾ ਸੀ ਕਿ ਇਸੇ ਦੌਰਾਨ ਇਕ ਹੋਰ ਭਾਰਤੀ ਔਰਤ ਵਲੋਂ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਅਤੇ ਭਾਰਤ ਵਾਪਸ ਨਾ ਪਰਤਣ ਦਾ ਐਲਾਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਲਾਹੌਰ ਦੇ ਇਕ ਅਧਿਕਾਰੀ ਨੇ ਆਪਣਾ ਨਾਂਅ ਅਤੇ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ 'ਅਜੀਤ' ਨਾਲ ਉਕਤ ਤਾਜ਼ਾ ਮਾਮਲੇ ਨਾਲ ਸੰਬੰਧਿਤ ਤਸਵੀਰਾਂ ਅਤੇ ਦਸਤਾਵੇਜ਼ ਸਾਂਝੇ ਕਰਦਿਆਂ ਦੱਸਿਆ ਕਿ ਮਈ 1984 ਨੂੰ ਉੱਤਰ ਪ੍ਰਦੇਸ਼ 'ਚ ਜਨਮੀ ਜੂਲੀ ਬੇਗਮ ਦੀ ਸੋਸ਼ਲ ਮੀਡੀਆ ਦੀ ਮਾਰਫ਼ਤ ਲਾਹੌਰ ਦੇ ਮੁਹੰਮਦ ਖ਼ਯਾਮ ਪੁੱਤਰ ਮੁਹੰਮਦ ਯਾਮੀਨ ਨਾਲ ਗੱਲਬਾਤ ਸ਼ੁਰੂ ਹੋਈ ਅਤੇ ਜਲਦੀ ਬਾਅਦ ਉਨ੍ਹਾਂ ਨਿਕਾਹ ਦਾ ਫ਼ੈਸਲਾ ਕਰ ਲਿਆ | ਲਾਹੌਰ ਦੇ ਸੰਧਾ ਖੇਤਰ 'ਚ ਰਹਿਣ ਵਾਲਾ ਮੁਹੰਮਦ ਖ਼ਯਾਮ ਲਹਿੰਦੇ ਪੰਜਾਬ ਦੇ ਸਿਹਤ ਵਿਭਾਗ 'ਚ ਕਰਮਚਾਰੀ ਹੈ | ਜੂਲੀ ਨੂੰ 9 ਅਕਤੂਬਰ, 2025 ਨੂੰ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਵਲੋਂ 90 ਦਿਨਾਂ ਦਾ ਸਿੰਗਲ ਐਂਟਰੀ ਵਿਜ਼ਟਰ ਵੀਜ਼ਾ ਸਿਰਫ਼ ਲਾਹੌਰ ਲਈ ਜਾਰੀ ਕੀਤਾ ਗਿਆ ਸੀ | ਇਸ ਸਮੇਂ ਦੌਰਾਨ ਉਸ ਨੂੰ 30 ਦਿਨਾਂ ਲਈ ਹੀ ਪਾਕਿ 'ਚ ਰਹਿਣ ਦੀ ਮਨਜ਼ੂਰੀ ਦਿੱਤੀ ਗਈ ਸੀ | ਉਕਤ ਅਧਿਕਾਰੀ ਨੇ ਦੱਸਿਆ ਕਿ ਜੂਲੀ ਦੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਉਸ ਦਾ ਵੀਜ਼ਾ ਖ਼ਤਮ ਕਰਕੇ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਹਾਲਾਂਕਿ, ਉਹ ਨਿਕਾਹ ਤੋਂ ਬਾਅਦ ਅਜੇ ਵੀ ਲਾਹੌਰ 'ਚ ਆਪਣੇ ਪਾਕਿਸਤਾਨੀ ਪਤੀ ਦੇ ਨਾਲ ਰਹਿ ਰਹੀ ਹੈ | ਉਸ ਨੇ ਭਾਰਤ ਵਾਪਸ ਪਰਤਣ ਤੋਂ ਇਨਕਾਰ ਕਰ ਦਿੱਤਾ ਹੈ | ਉਸ ਨੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਕਿ ਉਹ ਥਾਈਲੈਂਡ ਰਾਹੀਂ ਪਾਕਿ 'ਚ ਦਾਖਲ ਹੋਈ ਸੀ | ਪਾਕਿ ਅਧਿਕਾਰੀ ਨੇ ਦੱਸਿਆ ਕਿ ਜੂਲੀ ਬੇਗਮ ਦੇ ਪਾਸਪੋਰਟ 'ਤੇ ਉਸ ਨੂੰ ਵਿਆਹੁਤਾ ਦੱਸਦਿਆਂ ਪਤੀ ਦਾ ਨਾਂਅ ਮੁਹੰਮਦ ਦਿਲਬਹਾਰ ਲਿਖਿਆ ਗਿਆ ਹੈ, ਜਦਕਿ ਭਾਰਤੀ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਉਸ ਦੇ ਬਚਪਨ 'ਚ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਅਤੇ ਉਸ ਦੀਆਂ ਭੈਣਾਂ ਦੀ ਪਰਵਰਿਸ਼ ਚਾਚੇ ਵਲੋਂ ਕੀਤੀ ਗਈ, ਜਿਸ ਨੇ ਸਿੱਖਿਆ ਦੀ ਘਾਟ ਕਾਰਨ ਅਣਵਿਆਹੇ ਹੋਣ ਦੇ ਬਾਵਜੂਦ ਜੂਲੀ ਦੇ ਪਾਸਪੋਰਟ 'ਚ ਉਸ ਨੂੰ ਗ਼ਲਤੀ ਨਾਲ ਵਿਆਹੁਤਾ ਦਰਜ ਕਰਵਾ ਦਿੱਤਾ | ਉਸ ਨੇ ਦਾਅਵਾ ਕੀਤਾ ਕਿ ਉਸ ਦੇ ਕੁਆਰਾ ਹੋਣ ਦੇ ਬਾਵਜੂਦ ਪਾਸਪੋਰਟ 'ਚ ਪਤੀ ਦਾ ਨਾਂਅ ਦਰਜ ਕੀਤਾ ਗਿਆ ਹੈ | ਉਕਤ ਅਧਿਕਾਰੀ ਨੇ ਇਹ ਵੀ ਕਿਹਾ ਕਿ ਜੂਲੀ ਦੇ ਸੰਭਾਵੀ ਦੇਸ਼ ਨਿਕਾਲੇ ਜਾਂ ਵੀਜ਼ਾ ਤਬਦੀਲੀ ਸੰਬੰਧੀ ਕੋਈ ਵੀ ਫ਼ੈਸਲਾ ਪਾਕਿਸਤਾਨੀ ਕਾਨੂੰਨ ਦੇ ਅਨੁਸਾਰ ਸਖ਼ਤੀ ਨਾਲ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਅਟਾਰੀ ਸਰਹੱਦ 'ਤੇ ਭਾਰਤ ਵਲੋਂ ਸਾਈਕਲ ਰੈਲੀ, ਭੰਗੜਾ, ਯੋਗਾ, ਮਲਖੰਭ, ਗਤਕਾ, ਰੱਸੀ ਟੱਪਣ ਦੇ ਹੋਏ ਮੁਕਾਬਲੇ ਅਗਲੀ ਖ਼ਬਰ 25 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਖ਼ਾਲਸਾ ਵਹੀਰ ਕੱਢਣ ਦਾ ਫ਼ੈਸਲਾ
Ad Position 24