ਅਟਾਰੀ ਸਰਹੱਦ (ਅੰਮਿ੍ਤਸਰ), 25 ਜਨਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਸਰਹੱਦੀ ਖੇਤਰ ਅੰਦਰ ਨਸ਼ਿਆਂ ਦੇ ਖਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵਲੋਂ ਅਟਾਰੀ ਸਰਹੱਦ 'ਤੇ ਅੱਜ ਵਿਸ਼ੇਸ਼ ਰੈਲੀ ਕੱਢੀ ਗਈ | ਸਾਈਕਲ ਰੈਲੀ ਦੀ ਸ਼ੁਰੂਆਤ ਕੇਂਦਰੀ ਯੁਵਾ ਮਾਮਲਿਆਂ ਤੇ ਖੇਡ ਰਾਜ ਮੰਤਰੀ ਰਕਸ਼ਾ ਖਡਸੇ ਵਲੋਂ ਝੰਡਾ ਲਹਿਰਾ ਕੇ ਕੀਤੀ ਗਈ | ਇਸ ਤੋਂ ਪਹਿਲਾਂ ਅਟਾਰੀ ਸਰਹੱਦ 'ਤੇ ਕੇਂਦਰੀ ਖੇਡ ਮੰਤਰਾਲੇ ਵਲੋਂ ਨੌਜਵਾਨਾਂ ਦੇ ਭੰਗੜਾ, ਗਤਕਾ, ਯੋਗਾ, ਮੱਲਖੰਭ, ਰੱਸੀ ਟੱਪਣਾ ਆਦਿ ਦੇ ਮੁਕਾਬਲੇ ਕਰਵਾਏ ਗਏ | ਰਕਸ਼ਾ ਖਡਸੇ ਨੇ ਅਟਾਰੀ ਸਰਹੱਦ 'ਤੇ ਆਏ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ 'ਫਿੱਟ ਇੰਡੀਆ ਸੰਡੇਜ਼ ਆਨ ਸਾਈਕਲ' ਇਕ ਲੋਕ ਲਹਿਰ ਬਣ ਗਿਆ ਹੈ, ਜੋ ਤੰਦਰੁਸਤੀ, ਇਕ ਸਾਫ਼ ਵਾਤਾਵਰਨ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਦਾ ਹੈ | ਉਨ੍ਹਾਂ ਅਟਾਰੀ ਸਰਹੱਦ 'ਤੇ ਪੁੱਜੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਥੇ ਆਉਣ ਅਤੇ ਰੈਲੀ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕਰਦਿਆਂ ਵੱਧ ਤੋਂ ਵੱਧ 'ਫਿਟ ਇੰਡੀਆ' ਨਾਲ ਜੁੜਨ ਲਈ ਵੀ ਅਪੀਲ ਕੀਤੀ ਗਈ | ਇਸ ਮੌਕੇ ਅਟਾਰੀ ਸਰਹੱਦ 'ਤੇ ਨਾਮੀ ਖੇਡ ਤੇ ਫਿਲਮੀ ਸਿਤਾਰੇ ਵੱਡੀ ਗਿਣਤੀ ਵਿਚ ਇਥੇ ਪੁੱਜੇ ਹੋਏ ਸਨ, ਅੱਜ ਵੋਟਰ ਦਿਵਸ ਮੌਕੇ ਅਟਾਰੀ ਸਰਹੱਦ 'ਤੇ ਪੁੱਜੇ ਹਜ਼ਾਰਾਂ ਨੌਜਵਾਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਸਹੀ ਤਰ੍ਹਾਂ ਵਰਤਣ ਅਤੇ ਨਿਰਪੱਖ ਸੋਚ ਰੱਖਣ ਲਈ ਵੀ ਨੌਜਵਾਨਾਂ ਨੂੰ ਕੇਂਦਰੀ ਰਾਜ ਮੰਤਰੀ ਵਲੋਂ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਕੇਂਦਰ ਸਰਕਾਰ ਅਤੇ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀ ਅਟਾਰੀ ਸਰਹੱਦ 'ਤੇ ਮੌਜੂਦ ਸਨ |
ਅਟਾਰੀ ਸਰਹੱਦ 'ਤੇ ਭਾਰਤ ਵਲੋਂ ਸਾਈਕਲ ਰੈਲੀ, ਭੰਗੜਾ, ਯੋਗਾ, ਮਲਖੰਭ, ਗਤਕਾ, ਰੱਸੀ ਟੱਪਣ ਦੇ ਹੋਏ ਮੁਕਾਬਲੇ
ਅਜੀਤ ਡੈਸਕ
26-01-2026