ਚੰਡੀਗੜ੍ਹ, 28 ਜਨਵਰੀ (ਕਪਿਲ ਵਧਵਾ)328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ 15 ਦਿਨਾਂ ਬਾਅਦ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰ-5, ਚੰਡੀਗੜ੍ਹ ਸਥਿਤ ਉਪ ਦਫ਼ਤਰ ਵਿਖੇ ਦਬਿਸ਼ ਦਿੱਤੀ ਗਈ | ਇਹ ਟੀਮ ਐਸ.ਪੀ. ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਇਥੇ ਪਹੁੰਚੀ | ਇਸ ਤੋਂ ਪਹਿਲਾਂ ਵੀ 13 ਜਨਵਰੀ ਨੂੰ 'ਸਿੱਟ' ਦੀ ਟੀਮ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਮਾਮਲੇ ਨਾਲ ਸੰਬੰਧਿਤ ਰਿਕਾਰਡ ਪ੍ਰਾਪਤ ਕਰਨ ਲਈ ਆਈ ਸੀ | ਐਸ.ਪੀ. ਗੁਰਬੰਸ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਟੀਮ ਵਲੋਂ ਜਾਂਚ ਲਈ ਜ਼ਰੂਰੀ ਰਿਕਾਰਡ ਦੀ ਮੰਗ ਕੀਤੀ ਗਈ ਸੀ ਪਰ ਉਹ ਰਿਕਾਰਡ ਮੌਕੇ 'ਤੇ ਮੁਹੱਈਆ ਨਹੀਂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ 'ਸਿੱਟ' ਵਲੋ ਰਿਕਾਰਡ ਦੀ ਇਕ ਸੂਚੀ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਗਈ ਸੀ, ਜੋ ਮਾਮਲੇ ਦੀ ਜਾਂਚ ਲਈ ਅਹਿਮ ਹੈ ਅਤੇ ਇਸ ਵਾਰ ਵੀ ਉਹ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੂੰ ਸੂਚੀ ਹਵਾਲੇ ਕਰਕੇ ਚੱਲੇ ਹਨ | ਇਸ ਦੌਰਾਨ ਪੱਤਰਕਾਰਾਂ ਵਲੋਂ ਉਕਤ ਮਾਮਲੇ ਦੀ ਜਾਂਚ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿਚ ਐਸ.ਪੀ. ਬੈਂਸ ਨੇ ਸਪਸ਼ਟ ਕੀਤਾ ਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਜਾਂਚ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਦੱਸਿਆ ਕਿ ਰਿਕਾਰਡ ਹਾਸਲ ਕਰਨ ਲਈ ਉਨ੍ਹਾਂ ਨੂੰ ਵੀਰਵਾਰ ਨੂੰ ਦੁਬਾਰਾ ਦਫ਼ਤਰ ਆਉਣ ਲਈ ਕਿਹਾ ਗਿਆ ਹੈ |
328 ਪਾਵਨ ਸਰੂਪਾਂ ਦਾ ਮਾਮਲਾ 'ਸਿਟ' ਮੁੜ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਪਹੁੰਚੀ-ਰਿਕਾਰਡ ਦੀ ਕੀਤੀ ਮੰਗ <br/>
ਅਜੀਤ ਡੈਸਕ
29-01-2026