ਅੰਮਿ੍ਤਸਰ/ਚੰਡੀਗੜ੍ਹ, 28 ਜਨਵਰੀ (ਹਰਮਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਾਨ)-ਗੁਆਂਢੀ ਪਹਾੜੀ ਸੂਬਿਆਂ 'ਚ ਪਿਛਲੇ ਦਿਨੀ ਹੋਈ ਤਾਜ਼ਾ ਬਰਫ਼ਬਾਰੀ ਅਤੇ ਪੰਜਾਬ, ਹਰਿਆਣਾ ਅਤੇ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਮੀਂਹ ਪੈਣ ਨਾਲ ਤੇਜ਼ ਠੰਢੀਆਂ ਹਵਾਵਾਂ ਚੱਲਣ ਕਾਰਨ ਇਕ ਵਾਰ ਮੁੜ ਸੀਤ ਲਹਿਰ ਵੱਧ ਗਈ ਹੈ ਅਤੇ ਰਾਤ ਦੇ ਤਾਪਮਾਨ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ | ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ 'ਚ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਧੁੰਦ ਪੈਣ ਦੇ ਨਾਲ ਸੀਤ ਲਹਿਰ ਜਾਰੀ ਰਹੇਗੀ, ਜਿਸ ਨੂੰ ਲੈ ਕੇ 'ਯੈਲੋ ਅਲਰਟ' ਵੀ ਜਾਰੀ ਕੀਤਾ ਗਿਆ ਹੈ | ਲੰਘੇ 24 ਘੰਟਿਆਂ 'ਚ ਪੰਜਾਬ ਦੇ ਅੰਮਿ੍ਤਸਰ ਅਤੇ ਹਰਿਆਣਾ ਦੇ ਭਵਾਨੀ ਦੀਆਂ ਰਾਤਾਂ ਸਭ ਤੋਂ ਠੰਢੀਆਂ ਰਹੀਆਂ | ਅੰਮਿ੍ਤਸਰ 'ਚ ਘੱਟ ਤੋਂ ਘੱਟ ਤਾਪਮਾਨ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਤੋਂ ਇਕ ਰਾਤ ਪਹਿਲਾਂ ਨਾਲੋਂ 6.6 ਡਿਗਰੀ ਸੈਲਸੀਅਸ ਸੀ | ਇਸੇ ਤਰ੍ਹਾਂ ਦੋਵੇਂ ਸੂਬਿਆਂ ਦੇ ਕਈ ਹੋਰ ਇਲਾਕਿਆਂ 'ਚ ਵੀ ਰਾਤ ਦੇ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਇਸ ਦੇ ਨਾਲ ਹੀ 30 ਜਨਵਰੀ ਤੱਕ ਮੌਸਮ ਆਮ ਤੌਰ 'ਤੇ ਖੁਸ਼ਕ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ | 1 ਫਰਵਰੀ ਨੂੰ ਇਨ੍ਹਾਂ ਦੋਵਾਂ ਸੂਬਿਆਂ ਦੇ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲਣ ਦੇ ਨਾਲ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ |
ਪੰਜਾਬ 'ਚ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ 'ਯੈਲੋ ਅਲਰਟ' ਅੰਮਿ੍ਤਸਰ ਰਿਹਾ ਸਭ ਤੋਂ ਠੰਢਾ <br/>
ਅਜੀਤ ਡੈਸਕ
29-01-2026