ਦੋਰਾਹਾ ਤੇ ਧੂਰੀ ਦੇ ਦੋ ਅਹਿਮ ਰੇਲਵੇ ਓਵਰਬਿ੍ਜਾਂ ਦੇ ਨਿਰਮਾਣ ਨੂੰ ਮਨਜ਼ੂਰੀ-ਬਿੱਟੂ
ਨਵੀਂ ਦਿੱਲੀ, 28 ਜਨਵਰੀ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਪੰਜਾਬ 'ਚ ਰੇਲਵੇ ਦੇ ਬੁਨਿਆਦੀ ਢਾਂਚੇ ਲਈ ਵੱਡਾ ਐਲਾਨ ਕਰਦਿਆਂ ਦੋਰਾਹਾ ਅਤੇ ਧੂਰੀ ਵਿਖੇ ਦੋ ਅਹਿਮ ਰੇਲਵੇ ਓਵਰਬਿ੍ਜਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਕਤ ਐਲਾਨ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਨਾ ਸਿਰਫ ਆਵਾਜਾਈ ਨੂੰ ਸੁਖਾਲਾ ਬਣਾਉਣਗੇ, ਸਗੋਂ ਪੰਜਾਬ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦੇਣਗੇ | ਬਿੱਟੂ ਨੇ ਇਨ੍ਹਾਂ ਪ੍ਰਾਜੈਕਟਾਂ ਦੀ ਦੇਰੀ ਨੂੰ 'ਡੂੰਘੀ ਸਿਆਸਤ ਦਾ ਨਤੀਜਾ ਦੱਸਿਆ | ਬਿੱਟੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਿੱਲੀ ਤੋਂ ਅੰਮਿ੍ਤਸਰ ਨੂੰ ਜੋੜਨ ਵਾਲੀ ਮੁੱਖ ਲਾਈਨ 'ਤੇ ਸਥਿਤ ਦੋਰਾਹਾ ਵਿਖੇ ਓਵਰਬਿ੍ਜ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਉਨ੍ਹਾਂ ਪ੍ਰਾਜੈਕਟਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੀ ਕੁੱਲ ਲਾਗਤ ਤਕਰੀਬਨ 70 ਕਰੋੜ ਰੁਪਏ ਹੈ ਅਤੇ ਇਸ ਨਾਲ ਮਾਲਵੇ ਦੇ ਲੋਕਾਂ ਅਤੇ ਚੰਡੀਗੜ੍ਹ, ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਮੁਸਾਫਰਾਂ ਨੂੰ ਵੱਡੀ ਰਾਹਤ ਮਿਲੇਗੀ | ਕੇਂਦਰੀ ਰਾਜ ਮੰਤਰੀ ਨੇ ਧੂਰੀ 'ਚ 54 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦੀ ਜੇ.ਏ.ਡੀ. ਪ੍ਰਵਾਨ ਕਰਨ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਝ ਹੀ ਦਿਨਾਂ 'ਚ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ | ਜ਼ਿਕਰਯੋਗ ਹੈ ਕਿ ਧੂਰੀ 'ਚ ਓਵਰਬਿ੍ਜ ਦੀ ਮੰਗ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਭਾਜਪਾ ਦੇ ਧੂਰੀ ਤੋਂ ਸੀਨੀਅਰ ਆਗੂ ਜਸਵਿੰਦਰ ਸਿੰਘ ਭੁੱਖ ਹੜਤਾਲ 'ਤੇ ਬੈਠੇ ਸਨ | ਪ੍ਰਾਜੈਕਟਾਂ ਦੀ ਪ੍ਰਵਾਨਗੀ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਮੌਕੇ 'ਤੇ ਜਾ ਕੇ ਭੁੱਖ ਹੜਤਾਲ ਖ਼ਤਮ ਕਰਵਾਈ | ਮਾਮਲੇ ਦੇ ਜਾਣਕਾਰਾਂ ਮੁਤਾਬਿਕ ਦੋਵੇਂ ਪ੍ਰਾਜੈਕਟਾਂ ਦੀ ਇਕੱਠੇ ਪ੍ਰਵਾਨਗੀ ਦਰਮਿਆਨ ਸੂਬਾਈ ਬਨਾਮ ਕੇਂਦਰੀ ਸਿਆਸਤ ਦੀ ਖਿੱਚੋਤਾਣ ਸੀ | ਧੂਰੀ ਵਾਲਾ ਪ੍ਰਾਜੈਕਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਲਾਕੇ ਦਾ ਹੋਣ ਕਰਕੇ ਉਨ੍ਹਾਂ ਆਪ ਇਸ ਦਾ ਐਲਾਨ ਕੀਤਾ ਸੀ, ਜਦਕਿ ਦੋਰਾਹਾ ਪ੍ਰਾਜੈਕਟ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਢਿੱਲਾ ਮੱਠਾ ਰਵੱਈਆ ਅਖਤਿਆਰ ਕੀਤਾ ਗਿਆ ਸੀ | ਧੂਰੀ ਪ੍ਰਾਜੈਕਟ ਨੂੰ ਹਰੀ ਝੰਡੀ ਦਿਵਾਉਣ ਲਈ ਸੂਬਾ ਸਰਕਾਰ ਨੂੰ ਦੋਰਾਹਾ ਪ੍ਰਾਜੈਕਟ ਨੂੰ ਵੀ ਅੱਗੇ ਤੋਰਨਾ ਪਿਆ | ਬਿੱਟੂ ਨੇ ਸੰਕੇਤਿਕ ਤੌਰ 'ਤੇ ਇਸ ਵਿਚ 'ਸਿਆਸਤ' ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ 'ਚ 'ਡੂੰਘੀ ਸਿਆਸਤ' ਕਾਰਨ ਦੇਰੀ ਹੋ ਰਹੀ ਸੀ | ਹਾਲਾਂਕਿ ਉਨ੍ਹਾਂ ਇਸ ਬਾਰੇ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ |
ਕੇਂਦਰ ਨੇ ਪੰਜਾਬ ਦੇ 2 ਪ੍ਰਾਜੈਕਟਾਂ ਦੀ ਦਿੱਤੀ ਮਨਜ਼ੂਰੀ
ਅਜੀਤ ਡੈਸਕ
29-01-2026