ਡੇਰਾ ਬਾਬਾ ਨਾਨਕ, 28 ਜਨਵਰੀ (ਹੀਰਾ ਸਿੰਘ ਮਾਂਗਟ, ਵਿਜੇ ਸ਼ਰਮਾ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਬੇਦੀ ਪੁੱਤਰ ਰਘੁਬੀਰ ਸਿੰਘ ਬੇਦੀ ਵਾਸੀ ਡੇਰਾ ਬਾਬਾ ਨਾਨਕ 'ਤੇ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ | ਰਣਦੀਪ ਸਿੰਘ ਬੇਦੀ, ਜਦ ਸਵੇਰੇ 9 ਵਜੇ ਦੇ ਕਰੀਬ ਆਪਣਾ ਮੈਡੀਕਲ ਸਟੋਰ ਖੋਲ ਰਿਹਾ ਸੀ ਤਾਂ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜੋ ਸਿੱਧੀਆਂ ਰਣਦੀਪ ਸਿੰਘ ਬੇਦੀ ਦੇ ਸਿਰ ਵਿਚ ਲੱਗੀਆਂ, ਜਿਸ ਕਾਰਨ ਉਹ ਗੰਭੀਰ ਰੂਪ ਜ਼ਖ਼ਮੀ ਹੋ ਗਿਆ, ਜਿਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਅੰਮਿ੍ਤਸਰ ਲਈ ਤਬਦੀਲ ਕਰ ਦਿੱਤਾ ਗਿਆ, ਜਿਥੇ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਫਰੌਤੀ ਨੂੰ ਲੈ ਕੇ ਰਣਦੀਪ ਸਿੰਘ ਬੇਦੀ 'ਤੇ ਕੁਝ ਮਹੀਨੇ ਪਹਿਲਾਂ ਵੀ ਅਣਪਛਾਤਿਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿਚ ਰਣਦੀਪ ਸਿੰਘ ਬੇਦੀ ਵਾਲ-ਵਾਲ ਬਚ ਗਏ ਸਨ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਸ ਹੱਤਿਆ ਦੇ ਰੋਸ ਵਜੋਂ ਕਸਬਾ ਵਾਸੀਆਂ ਵਲੋਂ ਡੇਰਾ ਬਾਬਾ ਨਾਨਕ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ | ਕਸਬੇ ਦੇ ਬਾਜ਼ਾਰ ਸਾਰਾ ਦਿਨ ਬੰਦ ਰਹੇ | ਲੋਕਾਂ ਨੇ ਕਿਹਾ ਕਿ ਜਿਥੇ ਇਕ ਪਾਸੇ ਸਰਕਾਰ ਗੈਂਗਸਟਰਵਾਦ ਨੂੰ ਨੱਥ ਪਾਉਣ ਦਾ ਦਾਅਵਾ ਕਰ ਰਹੀ ਹੈ, ਪ੍ਰੰਤੂ ਦੂਜੇ ਪਾਸੇ ਕਸਬੇ ਅੰਦਰ ਦਿਨ-ਦਿਹਾੜੇ ਗੋਲੀਆਂ ਚਲਾ ਕੇ ਹੱਤਿਆਵਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਹਿਾ ਹੈ | ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਕਸਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਰਣਦੀਪ ਸਿੰਘ ਬੇਦੀ ਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ |
ਡੇਰਾ ਬਾਬਾ ਨਾਨਕ ਵਿਖੇ ਮੈਡੀਕਲ ਸਟੋਰ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ <br/>
ਅਜੀਤ ਡੈਸਕ
29-01-2026