ਮਰਨ ਵਾਲਿਆਂ 'ਚ ਮੁੱਖ ਮੰਤਰੀ, ਕੇਂਦਰੀ ਮੰਤਰੀ, ਸਪੀਕਰ ਤੇ ਰਾਜ ਮੰਤਰੀ ਸ਼ਾਮਿਲ
ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 28 ਜਨਵਰੀ-ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਆਗੂ ਅਜੀਤ ਪਵਾਰ ਦੀ ਹਵਾਈ ਜਹਾਜ਼ ਹਾਦਸੇ ਦੌਰਾਨ ਹੋਈ ਮੌਤ ਨੇ ਭਾਰਤ ਅੰਦਰ ਸਮੇਂ-ਸਮੇਂ ਉਪਰ ਹਵਾਈ ਜਹਾਜ਼ ਅਤੇ ਹੈਲੀਕਾਪਟਰ ਹਾਦਸਿਆਂ ਕਾਰਨ ਮੌਤ ਦੇ ਮੂੰਹ 'ਚ ਗਏ ਵੱਖ-ਵੱਖ ਵੱਡੇ ਸਿਆਸੀ ਆਗੂਆਂ ਦਾ ਮੁੜ ਚੇਤਾ ਕਰਵਾ ਦਿੱਤਾ ਹੈ | ਪਵਾਰ ਤੋਂ ਪਹਿਲਾਂ ਇਨ੍ਹਾਂ ਹਵਾਈ ਹਾਦਸਿਆਂ 'ਚ ਦਰਜਨ ਤੋਂ ਵੱਧ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਸਿਆਸੀ ਆਗੂ ਜਾਨ ਗੁਆ ਚੁੱਕੇ ਹਨ, ਜਿਨ੍ਹਾਂ 'ਚ ਮੁੱਖ ਮੰਤਰੀ, ਕੇਂਦਰੀ ਮੰਤਰੀ, ਲੋਕ ਸਭਾ ਸਪੀਕਰ, ਰਾਜ ਮੰਤਰੀ, ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਮੰਤਰੀ ਸ਼ਾਮਿਲ ਹਨ | ਭਾਰਤ ਅੰਦਰ ਕਿਸੇ ਸਿਆਸੀ ਆਗੂ ਦੀ ਮੌਤ ਨਾਲ ਜੁੜਿਆ ਪਹਿਲਾ ਹਵਾਈ ਜਹਾਜ਼ ਹਾਦਸਾ 18 ਅਗਸਤ, 1945 ਨੂੰ ਤਾਇਵਾਨ 'ਚ ਵਾਪਰਿਆ ਸੀ, ਜਿਸ ਵਿਚ ਦੇਸ਼ ਦੀ ਪ੍ਰਮੁੱਖ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸੁਭਾਸ਼ ਚੰਦਰ ਬੋਸ ਦੀ ਮੌਤ ਹੋ ਗਈ ਸੀ | ਇਸ ਤੋਂ ਬਾਅਦ 1965 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਬਲਵੰਤ ਰਾਏ ਮਹਿਤਾ ਦੀ ਪਾਕਿਸਤਾਨ-ਭਾਰਤ ਯੁੱਧ ਦੌਰਾਨ ਹਵਾਈ ਜਹਾਜ਼ ਦੁਆਰਾ ਗੋਲੀਆਂ ਨਾਲ ਹੜਤਾਲੀ ਜਹਾਜ਼ ਦੇ ਡੁੱਬਣ ਕਾਰਨ ਮੌਤ ਹੋਈ | ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੀ 1973 'ਚ ਹਵਾਈ ਜਹਾਜ਼ ਹਾਦਸੇ 'ਚ ਮੌਤ ਹੋ ਗਈ | ਸਭ ਤੋਂ ਵੱਧ ਚਰਚਾ ਕਾਂਗਰਸ ਪਾਰਟੀ ਦੇ ਕੌਮੀ ਨੇਤਾ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਪੁੱਤਰ ਸੰਜੇ ਗਾਂਧੀ ਦੀ ਮੌਤ ਦੀ ਹੋਈ, ਉਹ 23 ਜੂਨ 1980 ਨੂੰ ਸਫ਼ਦਰਜੰਗ ਹਵਾਈ ਅੱਡੇ ਨੇੜੇ ਹਵਾਈ ਜਹਾਜ਼ ਦੀ ਉਡਾਣ ਦੌਰਾਨ ਹੋਏ ਹਾਦਸੇ ਦਾ ਸ਼ਿਕਾਰ ਹੋ ਗਏ ਸਨ | ਸਾਲ 1994 'ਚ ਪੰਜਾਬ ਦੇ ਗਵਰਨਰ ਸੁਰੇਂਦਰ ਨਾਥ ਜਹਾਜ਼ ਹਾਦਸੇ 'ਚ ਮਾਰੇ ਗਏ, ਜੋ ਹਿਮਾਚਲ ਦੇ ਪਹਾੜੀ ਖੇਤਰ 'ਚ ਡਿੱਗਿਆ ਸੀ | ਇਸੇ ਤਰ੍ਹਾਂ ਕਾਂਗਰਸ ਦੇ ਅਗਾਂਹਵਧੂ ਨੇਤਾ ਸਾਬਕਾ ਕੇਂਦਰੀ ਮਾਧਵ ਰਾਓ ਸਿੰਧਿਆ ਦੀ 30 ਸਤੰਬਰ 2001 ਨੂੰ ਉੱਤਰ ਪ੍ਰਦੇਸ਼ 'ਚ ਹਵਾਈ ਜਹਾਜ਼ ਹਾਦਸੇ 'ਚ ਮੌਤ ਹੋਈ | ਇਸੇ ਸਾਲ ਅਰੁਣਾਚਲ ਪ੍ਰਦੇਸ਼ ਦੇ ਸਿੱਖਿਆ ਮੰਤਰੀ ਡੇਰਾ ਨਤੁੰਗ ਇਕ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ ਅਤੇ ਅਗਲੇ ਸਾਲ 3 ਮਾਰਚ 2002 ਨੂੰ ਲੋਕ ਸਭਾ ਦੇ ਸਪੀਕਰ ਜੀ.ਐਮ.ਸੀ. ਬਾਲਯੋਗੀ ਦੀ ਆਂਧਰਾ ਪ੍ਰਦੇਸ਼ 'ਚ ਇਕ ਹੈਲੀਕਾਪਟਰ ਹਾਦਸੇ ਦੌਰਾਨ ਮੌਤ ਹੋ ਗਈ | ਸਾਲ 2004 'ਚ ਮੇਘਾਲਿਆ ਦੇ ਵਿਕਾਸ ਮੰਤਰੀ ਸੀ. ਸੰਗਮਾ ਦੀ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋਈ, ਉਨ੍ਹਾਂ ਨਾਲ ਕੁਝ ਹੋਰ ਲੋਕ ਵੀ ਮਾਰੇ ਗਏ ਸਨ | ਇਸੇ ਤਰ੍ਹਾਂ 3 ਮਾਰਚ, 2005 ਨੂੰ ਕੋਬਰਾ ਹੈਲੀਕਾਪਟਰ ਹਾਦਸੇ 'ਚ ਹਰਿਆਣਾ ਦੇ ਮੰਤਰੀ ਅਤੇ ਉਦਯੋਗਪਤੀ ਓਮ ਪ੍ਰਕਾਸ਼ ਜਿੰਦਲ ਅਤੇ ਸੁਰਿੰਦਰ ਸਿੰਘ ਮਾਰੇ ਗਏ | ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਰਾਜਸ਼ੇਖ਼ਰ ਰੈਡੀ ਦੀ 2 ਸਤੰਬਰ, 2009 ਨੂੰ ਨਲਮਾਲਾ ਜੰਗਲ ਵਿਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਮੌਤ ਹੋ ਗਈ ਸੀ | 30 ਅਪੈ੍ਰਲ, 2011 ਨੂੰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੋਰਜੀ ਖਾਂਡੂ ਦੀ ਤਵਾਂਗ ਨੇੜੇ ਹੈਲੀਕਾਪਟਰ ਡਿੱਗਣ ਕਰਕੇ ਮੌਤ ਹੋਈ | ਇਸ ਤੋਂ ਬਾਅਦ ਵੱਡਾ ਹਵਾਈ ਹਾਦਸਾ ਉਸ ਸਮੇਂ ਵਾਪਰਿਆ ਜਦੋਂ 8 ਦਸੰਬਰ 2021 ਨੂੰ ਤਮਿਲਨਾਡੁ ਵਿਖੇ ਇਕ ਹੈਲੀਕਾਪਟਰ ਹਾਦਸੇ ਵਿਚ ਭਾਰਤ ਦੇ ਪਹਿਲੇ ਰੱਖਿਆ ਪ੍ਰਮੁੱਖ ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ ਕਈ ਲੋਕ ਮਾਰੇ ਗਏ | ਜਦਕਿ ਪਿਛਲੇ ਸਾਲ 12 ਜੂਨ 2025 ਨੂੰ ਏਅਰ ਇੰਡੀਆ ਦੀ ਫਲਾਈਟ ਏ.ਆਈ.-171 ਦੇ ਅਹਿਮਾਬਾਦ ਤੋਂ ਲੰਡਨ ਲਈ ਭਰੀ ਉਡਾਣ ਦੌਰਾਨ ਹਾਦਸਾ ਗ੍ਰਸਤ ਹੋਣ ਕਰਕੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਸਮੇਤ ਸੈਂਕੜੇ ਯਾਤਰੀ ਮਾਰੇ ਗਏ | ਹੁਣ ਸਾਲ 2026 ਦੇ ਪਹਿਲੇ ਮਹੀਨੇ ਦੌਰਾਨ ਹੀ 28 ਜਨਵਰੀ ਨੂੰ ਦਿਨ ਚੜ੍ਹਦੇ ਹੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਜਹਾਜ਼ ਦੇ ਉੱਤਰਨ ਸਮੇਂ ਹਾਦਸਾਗ੍ਰਸਤ ਹੋਣ ਕਰਕੇ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ |
ਭਾਰਤ 'ਚ ਹਵਾਈ ਹਾਦਸਿਆਂ ਦੌਰਾਨ ਹੁਣ ਤੱਕ ਦਰਜਨ ਤੋਂ ਵੱਧ ਸਿਆਸੀ ਆਗੂਆਂ ਦੀ ਹੋ ਚੁੱਕੀ ਹੈ ਮੌਤ
ਅਜੀਤ ਡੈਸਕ
29-01-2026