ਅੰਮਿ੍ਤਸਰ, 30 ਜਨਵਰੀ (ਸੁਰਿੰਦਰ ਕੋਛੜ)-ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ | ਵਿਭਾਗ ਨੇ ਸੁਰੱਖਿਆ, ਅਪਰਾਧ, ਅਸ਼ਾਂਤੀ, ਅੱਤਵਾਦ ਅਤੇ ਅਗਵਾ ਦੇ ਖ਼ਤਰਿਆਂ ਨੂੰ ਮੁੱਖ ਕਾਰਨ ਦੱਸਿਆ ਹੈ | ਇਸ ਬਾਰੇ ਜਾਰੀ ਯਾਤਰਾ ਸਲਾਹ ਅਨੁਸਾਰ ਪਾਕਿ ਨੂੰ ਲੈਵਲ 3 (ਯਾਤਰਾ 'ਤੇ ਮੁੜ ਵਿਚਾਰ ਕਰੋ) ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜੋ ਯਾਤਰੀਆਂ ਲਈ ਜੋਖ਼ਮ ਨੂੰ ਦਰਸਾਉਂਦਾ ਹੈ | ਸਲਾਹ 'ਚ ਇਹ ਵੀ ਕਿਹਾ ਗਿਆ ਹੈ ਕਿ ਪਾਕਿ 'ਚ ਕਿਸੇ ਵੀ ਸਮੇਂ ਕਿਤੇ ਵੀ ਅੱਤਵਾਦੀ ਹਮਲਾ ਹੋ ਸਕਦਾ ਹੈ | ਪਾਕਿ ਮੀਡੀਆ ਰਿਪੋਰਟਾਂ ਅਨੁਸਾਰ ਸਲਾਹ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਪਾਕਿ 'ਚ ਟ੍ਰਾਂਸਪੋਰਟ ਹੱਬ, ਹੋਟਲ, ਬਾਜ਼ਾਰ, ਸ਼ਾਪਿੰਗ ਮਾਲ, ਫ਼ੌਜੀ ਅਤੇ ਸੁਰੱਖਿਆ ਅੱਡੇ, ਹਵਾਈ ਅੱਡੇ, ਰੇਲਗੱਡੀਆਂ, ਸਕੂਲ, ਹਸਪਤਾਲ, ਪੂਜਾ ਸਥਾਨ, ਸੈਰ-ਸਪਾਟਾ ਸਥਾਨ ਅਤੇ ਸਰਕਾਰੀ ਇਮਾਰਤਾਂ ਅਸੁਰੱਖਿਅਤ ਹਨ | ਸੂਬਾ ਖ਼ੈਬਰ ਪਖਤੂਨਖਵਾ ਦੇ ਕੁਝ ਹਿੱਸਿਆਂ ਨੂੰ ਸਭ ਤੋਂ ਖ਼ਤਰਨਾਕ ਸ਼੍ਰੇਣੀ ਭਾਵ 'ਲੈਵਲ 4' ਵਿਚ ਰੱਖਿਆ ਗਿਆ ਹੈ ਅਤੇ ਅਮਰੀਕੀ ਨਾਗਰਿਕਾਂ ਨੂੰ ਕਿਸੇ ਵੀ ਕਾਰਨ ਕਰਕੇ ਉਥੇ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ | ਇਸ ਚਿਤਾਵਨੀ ਮੁਤਾਬਿਕ ਸੂਬੇ 'ਚ ਸਰਕਾਰੀ ਅਧਿਕਾਰੀਆਂ ਅਤੇ ਨਾਗਰਿਕਾਂ ਵਿਰੁੱਧ ਹੱਤਿਆ ਅਤੇ ਅਗਵਾ ਦੀਆਂ ਕੋਸ਼ਿਸ਼ਾਂ ਆਮ ਹੋ ਗਈਆਂ ਹਨ |