ਅੰਮਿ੍ਤਸਰ, 1 ਫਰਵਰੀ (ਰੇਸ਼ਮ ਸਿੰਘ)-ਇਥੇ ਬੀਤੀ ਰਾਤ ਹੁਸੈਨਪੁਰਾ ਚੌਂਕ ਵਿਖੇ ਇਕ ਗੱਡੀ ਦੇ ਡਰਾਇਵਰ ਨੂੰ ਰੰਜਿਸ਼ਨ ਗੋਲੀ ਮਾਰ ਕੇ ਜ਼ਖ਼ਮੀਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਇਸ ਮਾਮਲੇ 'ਚ ਪੁਲਿਸ ਵਲੋਂ ਨੇੜੇ ਦੇ ਇਕ ਹੋਟਲ ਦੇ ਮਾਲਕ ਤੇ ਹੋਰਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ | ਥਾਣਾ ਏ. ਡਵੀਜ਼ਨ ਦੀ ਪੁਲਿਸ ਨੂੰ ਕੰਵਲਜੀਤ ਸਿੰਘ ਵਾਸੀ ਪਿੰਡ ਗਦਲੀ ਜੰਡਿਆਲਾ ਨੇ ਦਸਿਆ ਕਿ ਉਹ ਡਰਾਇਵਰ ਦਾ ਕੰਮ ਕਰਦਾ ਹੈ ਅਤੇ ਬੀਤੀ ਅੱਧੀ ਰਾਤ ਨੂੰ ਆਪਣੀ ਗੱਡੀ ਦੇ ਮਸ਼ੀਨ ਪੋਕਲੈਂਡ ਲੋਡ ਕਰਕੇ ਮਜੀਠਾ ਰੋਡ ਤੋਂ ਬੱਸ ਸਟੈਂਡ ਵੱਲ ਆ ਰਿਹਾ ਸੀ ਜਦੋਂ ਕਿ ਮਸ਼ੀਨ ਦਾ ਅਪਰੇਟਰ ਵੀ ਉਸਦੇ ਨਾਲ ਸੀ ਤੇ ਉਹ ਰੋਟੀ ਖਾਣ ਲਈ ਇਥੇ ਹੁਸੈਨਪੁਰਾ ਚੌਂਕ ਵਿਖੇ ਰੁਕੇ ਤਾਂ ਨੇੜੇ 2 ਟੂਰਿਸਟ ਗੱਡੀਆਂ ਰੁਕ ਗਈਆਂ ਤੇ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਲਈ ਰਸਤਾ ਪੱੁਛਣ ਲੱਗੇ | ਜਦੋਂ ਉਹ ਰਸਤਾ ਦਸ ਰਿਹਾ ਸੀ ਤਾਂ ਨੇੜੇ ਤੋਂ ਹੀ 5 ਨੌਜਵਾਨ ਆਏ ਤੇ ਕਿਹਾ ਕਿ ਉਹ ਉਨ੍ਹਾਂ ਦੇ ਗ੍ਰਾਹਕ ਗੁੰਮਰਾਹ ਕਰਦਾ ਹੈ ਤੇ ਬਿਨਾਂ ਵਜ੍ਹਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀੇ ਇਕ ਨੌਜਵਾਨ ਨੇ ਆਪਣੀ ਡੱਬ ਵਿਚੋਂ ਪਿਸਤੌਲ ਕੱਢ ਕੇ ਉਸ 'ਤੇ ਤਾਣ ਦਿੱਤਾ ਜਿਸ ਕਾਰਨ ਡਰਦਾ ਮਾਰਾ ਅਪਰੇਟਰ ਮੌਕੇ 'ਤੇ ਭੱਜ ਗਿਆ ਤੇ ਉਹ ਵੀ ਭੱਜਣ ਲਗਿਆਂ ਤਾਂ ਪਿਸਤੌਲ ਵਾਲੇ ਵਿਅਕਤੀ ਨੇ ਹੱਥ 'ਚ ਮਾਰ ਦੇਣ ਦੀ ਨੀਅਤ ਨਾਲ ਸਿੱਧੀ ਗੋਲੀ ਚਲਾ ਦਿੱਤੀੇ ਜੋ ਉਸਦੇ ਲੱਕ 'ਚ ਵੱਜੀ ਤੇ ਉਹ ਜ਼ਮੀਨ 'ਤੇ ਡਿੱਗ ਪਿਆ ਰਾਹਗੀਰਾਂ ਨੇ ਉਸਨੂੰ ਹਸਪਤਾਲ ਭਰਤੀ ਕਰਵਾਇਆ | ਪੁਲਿਸ ਵਲੋਂ ਲਾਏ ਦੋਸ਼ਾਂ ਉਪਰੰਤ ਸਥਾਨਕ ਇਕ ਹੋਟਲ ਦੇ ਮਾਲਕ ਰਾਜੀਵ ਖੋਖਰ ਉਰਫ ਬਿੱਲੂ ਵਾਸੀ ਹੁਸੈਨ ਪੁਰਾ ਚੌਂਕ ਤੇ 4 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜਾ ਕਰ ਲਿਆ ਗਿਆ ਹੈ |