ਅੰਮਿ੍ਤਸਰ, 4 ਫਰਵਰੀ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ ਸਮਾਰਕ ਵਿਖੇ ਰੋਜ਼ਾਨਾ ਸ਼ਾਮ ਨੂੰ ਵਿਖਾਇਆ ਜਾਣ ਵਾਲਾ ਆਵਾਜ਼ ਤੇ ਰੌਸ਼ਨੀ ਸ਼ੋਅ ਕਈ ਮਹੀਨਿਆਂ ਤੋਂ ਬੰਦ ਰੱਖਣ ਬਾਅਦ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ | ਜਲਿ੍ਹਆਂਵਾਲਾ ਬਾਗ ਵਿਖੇ ਸੈਂਟਰਲ ਸਮਾਰਕ 'ਤੇ ਪੰਜਾਬੀ 'ਚ ਵਿਖਾਏ ਜਾਣ ਵਾਲੇ ਆਵਾਜ਼ ਤੇ ਰੌਸ਼ਨੀ ਸ਼ੋਅ ਦਾ ਸਮਾਂ ਸ਼ਾਮ 6 ਵਜੇ ਤੋਂ ਰਾਤ 6.30 ਵਜੇ ਤੱਕ ਅਤੇ ਹਿੰਦੀ ਸ਼ੋਅ ਦਾ ਸਮਾਂ 6.45 ਤੋਂ 7.15 ਵਜੇ ਤਕ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਪੰਜਾਬੀ ਵਾਲੇ ਆਵਾਜ਼ ਤੇ ਰੌਸ਼ਨੀ ਸ਼ੋਅ ਦੌਰਾਨ ਪੂਰੀ ਤਰ੍ਹਾਂ ਨਾਲ ਹਨ੍ਹੇਰਾ ਨਾ ਹੋਣ ਕਰਕੇ ਸੈਲਾਨੀਆਂ ਲਈ ਸ਼ੋਅ ਵੇਖਣਾ ਅਤੇ ਸਮਝਣਾ ਮੁਸ਼ਕਲ ਹੋ ਰਿਹਾ ਹੈ | ਇਸ ਲਈ ਉਨ੍ਹਾਂ 'ਚ ਨਿਰਾਸ਼ਾ ਬਣੀ ਹੋਈ ਹੈ ਅਤੇ ਉਨ੍ਹਾਂ ਨੇ ਸ਼ੋਅ ਦੇ ਸਮੇਂ 'ਚ ਤਬਦੀਲੀ ਕਰਨ ਦੀ ਅਪੀਲ ਕੀਤੀ ਹੈ | ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਨਿਯੁਕਤ ਕੀਤੇ ਇਤਿਹਾਸਕ ਬਾਗ ਦੇ ਕੇਅਰ ਟੇਕਰ ਦੀਪਕ ਸੇਠ ਨੇ ਦੱਸਿਆ ਕਿ ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ ਉਕਤ ਸਮਾਰਕ 'ਚ ਰਾਤ ਸਮੇਂ ਸੈਂਟਰਲ ਵਿਸਟਾ (ਸ਼ਹੀਦੀ ਸਮਾਰਕ) ਦੇ ਉੱਪਰ ਤਕਰੀਬਨ ਅੱਧੇ ਘੰਟੇ ਦੇ ਲੇਜ਼ਰ ਰੌਸ਼ਨੀ, ਕੰਪਿਊਟਰ ਐਨੀਮੇਸ਼ਨ ਅਤੇ ਪ੍ਰੋਜੈਕਸ਼ਨ ਮੈਪਿੰਗ ਤਕਨੀਕ ਯੁਕਤ ਸ਼ੋਅ 'ਚ ਬਰਤਾਨਵੀ ਰਾਜ ਦੇ ਵਿਰੁੱਧ ਪੰਜਾਬ ਦੇ ਵਿਰੋਧ, ਵਿਸ਼ਵ ਯੁੱਧ ਤੋਂ ਪਹਿਲਾਂ ਦੇ ਪੰਜਾਬ, ਗਦਰ ਪਾਰਟੀ ਅਤੇ ਭਾਰਤ ਦੇ ਹਾਲਾਤਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਜਲਿ੍ਹਆਂਵਾਲਾ ਬਾਗ ਦੇ ਖ਼ੂਨੀ ਸਾਕੇ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ |