ਅਮਰੀਕਾ ਵਲੋਂ ਟੈਰਿਫ਼ ਘਟਾਉਣ ਨਾਲ ਸੂਬੇ ਦੇ ਕੱਪੜਾ ਵਪਾਰੀਆਂ ਨੂੰ ਮਿਲੀ ਵੱਡੀ ਰਾਹਤ
ਅਜੀਤ ਡੈਸਕ
05-02-2026
ਅੰਮਿ੍ਤਸਰ, 4 ਫਰਵਰੀ-ਅਮਰੀਕਾ ਵਲੋਂ ਭਾਰਤ ਤੋਂ ਮੰਗਵਾਈਆਂ ਜਾਣ ਵਾਲੀਆਂ ਵਸਤੂਆਂ 'ਤੇ ਟੈਰਿਫ਼ ਘਟਾ ਕੇ 18 ਫ਼ੀਸਦੀ ਕਰਨ ਨਾਲ ਭਾਰਤ ਦੇ ਜਿਹੜੇ ਉਦਯੋਗਾਂ ਨੂੰ ਫ਼ਾਇਦਾ ਮਿਲੇਗਾ, ਉਨ੍ਹਾਂ 'ਚ ਕੱਪੜਾ ਉਦਯੋਗ ਵੀ ਸ਼ਾਮਿਲ ਹੈ | ਪੰਜਾਬ ਪ੍ਰਦੇਸ਼ ਵਪਾਰ ਮੰਡਲ, ਸ਼੍ਰੋਮਣੀ ਅਕਾਲੀ ਦਲ ਉਦਯੋਗ ਅਤੇ ਵਪਾਰ ਵਿੰਗ, ਅੰਮਿ੍ਤਸਰ ਕਾਂਗਰਸ ਵਪਾਰ ਸੈੱਲ, ਸ਼ਾਲ ਟਰੇਡਰ ਐਸੋਸੀਏਸ਼ਨ ਇੰਡੀਆ, ਪੀਸ ਗੁਡਜ਼ ਐਸੋਸੀਏਸ਼ਨ ਆਦਿ ਜਥੇਬੰਦੀਆਂ ਨਾਲ ਜੁੜੇ ਕੱਪੜਾ ਅਤੇ ਗਾਰਮੈਂਟ ਉਦਯੋਗ ਕਾਰੋਬਾਰੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਟੈਰਿਫ਼ ਘਟਾਉਣ ਨਾਲ ਕੱਪੜਾ ਕਾਰੋਬਾਰੀਆਂ ਨੂੰ ਬਹੁਤ ਰਾਹਤ ਮਿਲੀ ਹੈ ਅਤੇ ਉਨ੍ਹਾਂ ਨੂੰ ਵਪਾਰ ਦੁੱਗਣਾ ਹੋਣ ਦੀ ਉਮੀਦ ਹੈ | ਪਹਿਲਾਂ ਕੱਪੜਾ ਕਾਰੋਬਾਰੀ ਆਪਣੇ ਮੁਨਾਫ਼ੇ 'ਚੋਂ ਟੈਰਿਫ਼ ਦੀ ਦਰ ਦਾ ਨੁਕਸਾਨ ਝੱਲ ਰਹੇ ਸੀ, ਜਦਕਿ ਹੁਣ ਮੁਨਾਫ਼ੇ ਦੀ ਦਰ 'ਚ ਸੁਧਾਰ ਹੋਵੇਗਾ | ਕੱਪੜਾ ਅਤੇ ਗਾਰਮੈਂਟ ਕਾਰੋਬਾਰੀ ਜਥੇਬੰਦੀਆਂ ਨੇ ਦੱਸਿਆ ਕਿ ਅਮਰੀਕਾ ਵਲੋਂ ਟੈਰਿਫ਼ ਘਟਾਏ ਜਾਣ ਬਾਅਦ ਭਾਰਤ 'ਤੇ ਲੱਗਣ ਵਾਲਾ ਟੈਰਿਫ਼ ਗੁਆਂਢੀ ਮੁਲਕ ਪਾਕਿਸਤਾਨ, ਚੀਨ ਅਤੇ ਵੀਅਤਨਾਮ ਤੋਂ ਘੱਟ ਹੈ | ਇਸ ਫ਼ੈਸਲੇ ਦੇ ਨਤੀਜੇ ਵਜੋਂ ਅਮਰੀਕੀ ਖਪਤਕਾਰ ਅਤੇ ਕੰਪਨੀਆਂ, ਜਿਨ੍ਹਾਂ ਨੂੰ ਪਹਿਲਾਂ ਭਾਰਤੀ ਬਰਾਮਦ 'ਤੇ 50 ਫ਼ੀਸਦੀ ਤੱਕ ਟੈਰਿਫ਼ ਦਾ ਸਾਹਮਣਾ ਕਰਨਾ ਪੈਂਦਾ ਸੀ, ਹੁਣ ਉਹ ਸਿਰਫ਼ 18 ਫ਼ੀਸਦੀ ਟੈਰਿਫ਼ ਦਾ ਭੁਗਤਾਨ ਕਰਨਗੀਆਂ | ਅਮਰੀਕਾ ਵਲੋਂ ਟੈਰਿਫ਼ ਘਟਾਉਣ ਦੇ ਨਾਲ-ਨਾਲ ਭਾਰਤ-ਯੂਰਪੀਅਨ ਯੂਨੀਅਨ ਦਰਮਿਆਨ ਹੋਏ ਮੁਫ਼ਤ ਵਪਾਰਕ ਸਮਝੌਤਿਆਂ ਨਾਲ ਵੀ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ | ਇਸ ਸਮਝੌਤੇ ਨਾਲ ਯੂਰਪੀ ਯੂਨੀਅਨ ਦੇ ਮੈਂਬਰ ਦੇਸ਼ਾਂ 'ਚ ਭਾਰਤ ਤੋਂ ਦਰਾਮਦ ਹੋਣ ਵਾਲੇ ਉਤਪਾਦਾਂ 'ਤੇ ਟੈਰਿਫ਼ ਨਹੀਂ ਲੱਗੇਗਾ | ਦੱਸਣਯੋਗ ਹੈ ਕਿ ਪੰਜਾਬ ਮੌਜੂਦਾ ਸਮੇਂ ਦੇਸ਼ ਦੇ ਕੱਪੜਾ ਅਤੇ ਗਾਰਮੈਂਟ ਉਦਯੋਗ ਦੇ ਸਭ ਤੋਂ ਵੱਡੇ ਅਤੇ ਪ੍ਰਮੁੱਖ ਉਤਪਾਦਕਾਂ 'ਚੋਂ ਇਕ ਹੈ | ਲੁਧਿਆਣਾ ਇਕੱਲੇ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਸਿਖਰਲੇ ਕੱਪੜਾ ਉਤਪਾਦਕ ਕੇਂਦਰਾਂ 'ਚੋਂ ਇਕ ਹੈ | ਹਾਲਾਂਕਿ, ਲੁਧਿਆਣਾ ਸ਼ਹਿਰ ਤੋਂ ਇਲਾਵਾ ਅੰਮਿ੍ਤਸਰ ਅਤੇ ਜਲੰਧਰ ਸ਼ਹਿਰਾਂ 'ਚ ਵੀ ਕੱਪੜਾ ਤਿਆਰ ਹੁੰਦਾ ਹੈ | ਕੱਪੜਾ ਕਾਰੋਬਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕੀ ਨਾਗਰਿਕ ਦੂਜੇ ਦੇਸ਼ਾਂ ਦੇ ਉਤਪਾਦਾਂ ਨਾਲੋਂ ਭਾਰਤੀ ਉਤਪਾਦਾਂ ਨੂੰ ਤਰਜੀਹ ਦਿੰਦੇ ਹਨ, ਜਿਸ ਕਾਰਨ ਟੈਰਿਫ਼ ਘਟਣ ਬਾਅਦ ਅਮਰੀਕੀ ਬਾਜ਼ਾਰ 'ਚ ਭਾਰਤੀ ਅਤੇ ਪੰਜਾਬੀ ਕੱਪੜਿਆਂ ਦੀ ਵਿੱਕਰੀ ਵਧਣ ਦੀ ਪੂਰੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ ਕੱਪੜਾ ਉਦਯੋਗ ਦੀ ਅਮਰੀਕਾ 'ਤੇ ਮਹੱਤਵਪੂਰਨ ਬਰਾਮਦ ਨਿਰਭਰਤਾ ਹੈ | ਟੈਰਿਫ਼ ਲਾਗੂ ਹੋਣ ਤੋਂ ਪਹਿਲਾਂ ਭਾਰਤ ਦੇ ਕੁੱਲ ਟੈਕਸਟਾਈਲ ਬਰਾਮਦ ਦਾ 28 ਫ਼ੀਸਦੀ ਇਕੱਲੇ ਅਮਰੀਕਾ ਨੂੰ ਜਾਂਦਾ ਸੀ, ਜੋ ਕਿ 10.3 ਅਰਬ ਡਾਲਰ ਤੋਂ ਵੱਧ ਸੀ | 50 ਫ਼ੀਸਦੀ ਟੈਰਿਫ਼ ਵਾਧੇ ਨਾਲ ਭਾਰਤ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਕਿਉਂਕਿ ਅਮਰੀਕਾ ਦੇ ਦਰਾਮਦਕਾਰਾਂ ਨੂੰ ਭਾਰਤੀ ਕੱਪੜਾ ਖ਼ਰੀਦਣ ਲਈ ਉੱਚੀਆਂ ਕੀਮਤਾਂ ਅਦਾ ਕਰਨੀਆਂ ਪਈਆਂ | ਵਪਾਰੀ ਜਥੇਬੰਦੀਆਂ ਮੁਤਾਬਿਕ ਸਾਲ 2021-2022 'ਚ ਪੰਜਾਬ ਤੋਂ 211.15 ਕਰੋੜ ਡਾਲਰ ਦੀ ਬਰਾਮਦ ਹੋਈ, ਜੋ ਸਾਲ 2022-23 ਦੌਰਾਨ ਘੱਟ ਕੇ 150.22 ਕਰੋੜ ਡਾਲਰ ਰਹਿ ਗਈ ਸੀ | ਕੇਂਦਰ ਸਰਕਾਰ ਦੇ ਕੱਪੜਾ ਮੰਤਰਾਲੇ ਮੁਤਾਬਿਕ ਸਾਲ 2023-24 ਦੌਰਾਨ ਪੰਜਾਬ ਤੋਂ 150.04 ਕਰੋੜ ਡਾਲਰ ਦੀ ਬਰਾਮਦਗੀ ਹੋਈ |