ਐੱਸ. ਏ. ਐੱਸ. ਨਗਰ, 4 ਫਰਵਰੀ (ਕਪਿਲ ਵਧਵਾ)-ਮੁਹਾਲੀ ਦੇ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਗੁਰਵਿੰਦਰ ਸਿੰਘ ਦੀ ਹੱਤਿਆ ਕਰਨ ਦੇ ਮਾਮਲੇ 'ਚ ਮੁਹਾਲੀ ਪੁਲਿਸ ਵਲੋਂ ਸ਼ੂਟਰਾਂ ਨੂੰ 'ਲਾਜ਼ਿਸਟਿਕ' ਸਹਾਇਤਾ ਦੇਣ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਬਲਤੇਜ ਸਿੰਘ ਉਰਫ਼ ਬੰਟੀ ਵਾਸੀ ਪਿੰਡ ਟਹਿਣਾ ਜ਼ਿਲ੍ਹਾ ਫ਼ਰੀਦਕੋਟ ਅਤੇ ਮੰਗਤ ਸਿੰਘ ਉਰਫ਼ ਮੈਕਸ ਵਾਸੀ ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ | ਇਸ ਦੇ ਨਾਲ ਹੀ ਪੁਲਿਸ ਵਲੋਂ ਦੋ ਮੁੱਖ ਸ਼ੂਟਰਾਂ ਤੋਂ ਇਲਾਵਾ ਵਿਦੇਸ਼ ਵਿਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਵਿੱਕੀ ਸਿੰਘ ਉਰਫ਼ ਵਿੱਕੀ ਸੱਟੇਵਾਲਾ ਅਤੇ ਰਵੀ ਕੁਮਾਰ ਉਰਫ਼ ਰਵੀ ਫ਼ਰੀਦਕੋਟੀਆ ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ | ਪੁਲਿਸ ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਹੁਣ ਤੱਕ ਕੁੱਲ 7 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ | ਪੱਤਰਕਾਰ ਸੰਮੇਲਨ ਦੌਰਾਨ ਉਕਤ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ 28 ਜਨਵਰੀ ਨੂੰ ਗੁਰਵਿੰਦਰ ਸਿੰਘ ਦੀ ਹੱਤਿਆ ਮਾਮਲੇ 'ਚ ਸੀ. ਸੀ. ਟੀ. ਵੀ. ਫੁਟੇਜ਼ ਵਿਚ ਦੋ ਅਣਪਛਾਤੇ ਨੌਜਵਾਨ ਕਾਲੇ ਰੰਗ ਦੇ ਬਜਾਜ ਪਲਸਰ ਮੋਟਰਸਾਈਕਲ 'ਤੇ ਜਾਂਦੇ ਹੋਏ ਨਜ਼ਰ ਆਏ | ਅਗਲੇਰੀ ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਦੋਵੇਂ ਮੁਲਜ਼ਮ ਅੱਗੇ ਜਾ ਕੇ ਇਕ ਚਿੱਟੇ ਰੰਗ ਦੀ ਹੌਂਡਾ ਅਮੇਜ਼ ਕਾਰ ਵਿਚ ਸਵਾਰ ਹੋ ਗਏ, ਜਿਥੇ ਕਿ ਉਨ੍ਹਾਂ ਨੇ ਆਪਣੇ ਕੱਪੜੇ ਵੀ ਬਦਲ ਲਏ | ਮਾਮਲੇ ਦੀ ਜਾਂਚ ਦੌਰਾਨ ਬਲਤੇਜ ਸਿੰਘ ਉਰਫ਼ ਬੰਟੀ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਸ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਵਾਰਦਾਤ ਤੋਂ ਬਾਅਦ ਸ਼ੂਟਰਾਂ ਨੂੰ ਉੱਤਰ ਪ੍ਰਦੇਸ਼ ਨੰਬਰ ਦੀ ਹੌਂਡਾ ਅਮੇਜ਼ ਕਾਰ ਵਿਚ ਲਿਜਾਣ ਵਾਲਾ ਡਰਾਈਵਰ ਉਹ ਖ਼ੁਦ ਸੀ | ਉਸ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਕਾਰ ਨੂੰ ਬਰਾਮਦ ਕਰ ਲਿਆ ਹੈ | ਮਾਮਲੇ ਦੀ ਹੋਰ ਜਾਂਚ ਕਰਨ 'ਤੇ ਸਾਹਮਣੇ ਆਇਆ ਕਿ ਮੰਗਤ ਸਿੰਘ ਉਰਫ਼ ਮੈਕਸ ਨੇ ਮੁਲਜ਼ਮਾਂ ਨੂੰ 'ਲਾਜ਼ਿਸਟਿਕ' ਸਹਾਇਤਾ ਦਿੱਤੀ ਸੀ ਅਤੇ ਵਾਰਦਾਤ ਵਿਚ ਵਰਤੇ ਗਏ ਦੋਵੇਂ ਵਾਹਨ ਬਜਾਜ ਪਲਸਰ ਮੋਟਰਸਾਈਕਲ ਅਤੇ ਹੌਂਡਾ ਅਮੇਜ਼ ਕਾਰ ਉਸ ਵਲੋਂ ਹੀ ਮੁਹੱਈਆ ਕਰਵਾਏ ਗਏ ਸਨ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਦੋਵੇਂ ਮੁਲਜ਼ਮ ਇਸ ਸਮੇਂ ਪੁਲਿਸ ਰਿਮਾਂਡ 'ਤੇ ਹਨ ਅਤੇ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |
ਸ਼ੂਟਰਾਂ ਦੀ ਮਦਦ ਕਰਨ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ
ਅਜੀਤ ਡੈਸਕ
05-02-2026