ਨਵੀਂ ਦਿੱਲੀ, 5 ਫਰਵਰੀ (ਏਜੰਸੀ)-ਰਾਜ ਸਭਾ 'ਚ ਭਾਜਪਾ ਸੰਸਦ ਮੈਂਬਰਾਂ ਨੇ ਕਿਹਾ ਕਿ ਕਿਸਾਨ ਐਨ.ਡੀ.ਏ. ਸਰਕਾਰ ਦੀ ਪਹਿਲ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਉਨ੍ਹਾਂ ਦੀ ਭਲਾਈ ਤੇ ਖੇਤੀ ਦੇ ਆਧੁਨਿਕੀਕਰਨ ਲਈ ਚੁੱਕੇ ਗਏ ਕਦਮਾਂ ਨਾਲ ਦੇਸ਼ ਇਕ ਪ੍ਰਮੁੱਖ ਖੇਤੀ ਪ੍ਰਧਾਨ ਦੇਸ਼ ਬਣ ਗਿਆ ਹੈ | ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਭਾਜਪਾ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਸੰਬੋਧਨ 'ਚ ਭਾਰਤ 'ਚ ਕਿਸਾਨਾਂ ਦੇ ਯੋਗਦਾਨ ਤੇ ਭੂਮਿਕਾ ਨੂੰ ਪਛਾਣਿਆ | ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਕਿਸਾਨ ਨਹੀਂ ਹਨ, ਬਲਕਿ ਉਹ ਰਾਸ਼ਟਰ ਦੇ ਰੱਖਿਅਕ ਹਨ | ਪੰਜਾਬ ਨੇ ਰਾਸ਼ਟਰ ਨੂੰ ਆਪਣੀ ਅੰਨ ਦੀ ਟੋਕਰੀ ਦੇ ਰੂਪ 'ਚ ਸੇਵਾ ਦਿੱਤੀ ਹੈ | ਚਾਹੇ ਉਹ ਹਰੀ ਕ੍ਰਾਂਤੀ ਹੋਵੇ, ਸਫ਼ੈਦ ਕ੍ਰਾਂਤੀ ਹੋਵੇ ਜਾਂ ਰਿਕਾਰਡ ਖਾਧ ਉਤਪਾਦਨ ਹੋਵੇ, ਪੰਜਾਬ ਦੇ ਕਿਸਾਨ ਦੇਸ਼ ਦੀ ਖਾਧ ਸੁਰੱਖਿਆ ਦੇ ਪ੍ਰੇਰਕ ਸ਼ਕਤੀ ਬਣ ਗਏ ਹਨ | ਸੰਸਦ ਮੈਂਬਰ ਮਾਇਆ ਨਾਰੋਲਿਆ ਨੇ ਕਿਸਾਨਾਂ ਲਈ ਵੱਖ ਵੱਖ ਕਲਿਆਣਕਾਰੀ ਯੋਜਨਾਵਾਂ ਤਹਿਤ ਵੰਡੇ ਫੰਡ ਤੇ ਖੇਤੀ ਦੇ ਆਧਨਿਕੀਕਰਨ ਲਈ ਕਈ ਉਪਾਵਾਂ 'ਤੇ ਰੌਸ਼ਨੀ ਪਾਈ | ਸੰਸਦ ਮੈਂਬਰ ਮਹੇਂਦਰ ਭੱਟ ਨੇ ਕਿਹਾ ਕਿ ਸਰਕਾਰ ਦੀ ਪੀ.ਐਮ.-ਕਿਸਾਨ ਸਨਮਾਨ ਨਿਧੀ ਯੋਜਨਾ ਨੇ ਕਿਸਾਨਾਂ 'ਚ ਆਪਣੇ ਪੇਸ਼ੇ ਨੂੰ ਅੱਗੇ ਵਧਾਉਣ ਲਈ ਆਤਮਵਿਸ਼ਵਾਸ ਜਗਾਇਆ ਹੈ | ਸੰਗੀਤਾ ਬਲਵੰਤ ਨੇ ਵੀ ਕਿਸਾਨੀ ਪੱਖੀ ਯੋਜਨਾਵਾਂ 'ਤੇ ਰੌਸ਼ਨੀ ਪਾਈ |
ਮੋਦੀ ਸਰਕਾਰ 'ਚ ਕਿਸਾਨਾਂ ਦੇ ਹਿੱਤ ਪ੍ਰਮੁੱਖ-ਸਤਨਾਮ ਸਿੰਘ ਸੰਧੂ ਰਾਜ ਸਭਾ 'ਚ ਕੀਤਾ ਸੰਬੋਧਨ <br/>
ਅਜੀਤ ਡੈਸਕ
06-02-2026