ਕਲਾਨੌਰ, 22 ਫਰਵਰੀ (ਪੁਰੇਵਾਲ)-ਸਥਾਨਕ ਕਸਬਾ ਵਾਸੀ ਗੁਰੂ ਘਰ ਦੇ ਅਣਥੱਕ ਸੇਵਾਦਾਰ ਭਾਈ ਗੁਰਦਿਆਲ ਸਿੰਘ ਸ਼ੰਕਰਪੁਰ ਦੇ ਸਪੁੱਤਰ ਅਤੇ ਗੁਰਦੁਆਰਾ ਨਾਨਕ ਪ੍ਰਕਾਸ਼ ਟਰੇਸੀ ਕੈਲੇਫੋਰਨੀਆ ਵਿਖੇ ਕਰੀਬ 2 ਦਹਾਕਿਆਂ ਤੋਂ ਸੇਵਾ ਕਰਦੇ ਆ ਰਹੇ ਭਾਈ ਅਵਤਾਰ ਸਿੰਘ ਦੇ ਬੀਤੇ ਦਿਨ ਭੇਦਭਰੀ ਹਲਾਤਾਂ 'ਚ ਅਗਵਾ ਹੋਣ ਤੋਂ ਬਾਅਦ ਅੱਜ ਉਨ੍ਹਾਂ ਦੀ ਮਿ੍ਤਕ ਦੇਹ ਬੇਰੀਸ ਝੀਲ ਤੋਂ ਮਿਲੀ ਹੈ | ਜਿਵੇਂ ਹੀ ਇਹ ਖ਼ਬਰ ਕਸਬੇ 'ਚ ਪਹੁੰਚੀ ਤਾਂ ਹਰ ਪਾਸੇ ਸੋਗ ਦੀ ਲਹਿਰ ਛਾ ਗਈ | ਭਾਈ ਅਵਤਾਰ ਸਿੰਘ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਬਾਬਾ ਠਾਕੁਰ ਸਿੰਘ ਦੇ ਬੇਹੱਦ ਨਜ਼ਦੀਕੀ ਰਹੇ ਹਨ ਅਤੇ ਇਸ ਵੇਲੇ ਕੈਲੇਫੋਰਨੀਆ ਵਿਖੇ ਦਮਦਮੀ ਟਕਸਾਲ ਦੇ ਪ੍ਰਬੰਧਾਂ ਹੇਠ ਗੁਰਦੁਆਰਾ ਵਿਖੇ ਸੇਵਾਵਾਂ ਨਿਭਾਅ ਰਹੇ ਸਨ | ਉਹ ਬਾਬਾ ਜੋਗਾ ਸਿੰਘ (ਬੁਰਜ ਸਾਹਿਬ) ਕਾਰ ਸੇਵਾ ਗੁਰੂ ਕਾ ਬਾਗ ਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਖ ਗ੍ਰੰਥੀ ਰਹੇ ਬਾਬਾ ਬਲਕਾਰ ਸਿੰਘ ਦੇ ਭਰਾ ਸਨ | ਬਾਬਾ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਜੇ ਬੀਤੇ ਦਿਨ ਹੀ ਭਾਈ ਅਵਤਾਰ ਸਿੰਘ ਕੋਲੋਂ ਵਾਪਸ ਆਏ ਸਨ, ਜਿਸ ਤੋਂ ਬਾਅਦ ਗੱਡੀ ਸਵਾਰ 3 ਲੋਕਾਂ ਵਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਭਾਈ ਅਵਤਾਰ ਸਿੰਘ ਨੂੰ ਅਗਵਾ ਕੀਤੇ ਜਾਣ ਦੀ ਖ਼ਬਰ ਆਈ ਅਤੇ ਬੀਤੀ ਰਾਤ ਅਮਰੀਕਾ ਦੀ ਪੁਲਿਸ ਨੇ ਇਹ ਮੰਦਭਾਗੀ ਸੂਚਨਾ ਪਰਿਵਾਰ ਨੂੰ ਦਿੱਤੀ | ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਗੁਰੂ ਘਰ ਦੇ ਪ੍ਰੇਮੀਆਂ ਤੇ ਇਨਸਾਫ਼ ਪਸੰਦ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਭਾਈ ਅਵਤਾਰ ਸਿੰਘ ਦੇ ਹੱਤਿਆਰਿਆਂ ਦੀ ਜਲਦ ਭਾਲ ਕੀਤੇ ਜਾਣ ਲਈ ਅਮਰੀਕਾ ਨਾਲ ਰਾਬਤਾ ਕੀਤਾ ਜਾਵੇ |
ਗੁਰਦੁਆਰਾ ਦਮਦਮੀ ਟਕਸਾਲ ਕੈਲੀਫੋਰਨੀਆ ਦੇ ਸੇਵਾਦਾਰ ਭਾਈ ਅਵਤਾਰ ਸਿੰਘ ਦੀ ਹੱਤਿਆ
ਅਜੀਤ ਡੈਸਕ
23-02-2026